ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 10 ਜੂਨ
ਡਿਪਟੀ ਕਮਿਸ਼ਨਰ ਮਾਲੇਰਕੋਟਲਾ, ਅੰਮ੍ਰਿਤ ਕੌਰ ਗਿੱਲ ਅੱਜ ਵਿਸ਼ੇਸ਼ ਤੌਰ ’ਤੇ ਇਥੇ ਰਿਆਸਤੀ ਦੌਰ ’ਚ ਚੜ੍ਹਦੇ ਪੰਜਾਬ ਦੀ ਇੱਕੋ- ਇੱਕ ਮੁਸਲਿਮ ਰਿਆਸਤ ਰਹੀ ਮਾਲੇਰਕੋਟਲਾ ਦੇ ਆਖ਼ਰੀ ਨਵਾਬ ਮਰਹੂਮ ਇਫ਼ਤਖਾਰ ਅਲੀ ਖ਼ਾਂ ਦੀ ਬਿਰਧ ਅਵਸਥਾ ’ਚ ਪੁੱਜੀ ਬੇਗ਼ਮ ਮੁਨੱਵਰ ਉਰ ਨਿਸ਼ਾ ਦਾ ਹਾਲ ਚਾਲ ਪੁੱਛਣ ਲਈ ਬੇਗ਼ਮ ਸਾਹਿਬਾ ਦੀ ਸਥਾਨਕ ਰਿਹਾਇਸ਼ ਮੁਬਾਰਿਕ ਮੰਜ਼ਿਲ ਪੁੱਜੇ। ਡਿਪਟੀ ਕਮਿਸ਼ਨਰ ਨੇ ਬੇਗ਼ਮ ਸਾਹਿਬਾ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਖਿਆਲ ਰਖੇਗਾ। ਡਿਪਟੀ ਕਮਿਸ਼ਨਰ ਨੇ ਮੁਬਰਿਕ ਮੰਜ਼ਿਲ ’ਚ ਪਈ ਉਸ ਇਤਿਹਾਸਕ ਕਿਰਪਾਨ ਦੇ ਵੀ ਦਰਸ਼ਨ ਕੀਤੇ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਿਰਪਾਨ ਗੁਰੂ ਗੋਬਿੰਦ ਸਿੰਘ ਵੱਲੋਂ ਤਤਕਾਲੀ ਨਵਾਬ ਨੂੰ ਭੇਜੀ ਗਈ ਸੀ।