ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਅਪਰੈਲ
ਮਹਿਲਾਂ ਚੌਕ ਵਿੱਚ ਲੰਘੇ ਕੱਲ੍ਹ ਵਾਪਰੇ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਈ ਸਕੂਲੀ ਬੱਚੀ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਡਿਪਟੀ ਕਮਿਸ਼ਨਰ (ਸੰਗਰੂਰ) ਜਤਿੰਦਰ ਜੋਰਵਾਲ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਪੁੱਜ ਕੇ ਜ਼ੇਰੇ ਇਲਾਜ ਬੱਚੀ ਦਮਨਪ੍ਰੀਤ ਕੌਰ ਦੀ ਸਿਹਤ ਦਾ ਹਾਲ ਜਾਣਿਆ ਅਤੇ ਡਾਕਟਰਾਂ ਕੋਲੋਂ ਬੱਚੀ ਦੀ ਸਿਹਤ ਸਬੰਧੀ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਪੀੜਤ ਬੱਚੀ ਦੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਇਲਾਜ ਪੱਖੋਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਹਿਲਾਂ ਚੌਕ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਦੀਆਂ ਚਾਰ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ ਸਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਵਿੱਚ ਲਿਆਂਦਾ ਗਿਆ। ਇਨ੍ਹਾਂ ’ਚੋਂ ਇੱਕ ਬੱਚੀ ਦੀ ਮੌਤ ਹੋ ਗਈ ਸੀ ਜਦੋਂ ਕਿ ਤਿੰਨ ਜ਼ਖਮੀ ਵਿਦਿਆਰਣਾਂ ’ਚੋਂ ਇੱਕ ਤੀਜੀ ਜਮਾਤ ਦੀ ਇਹ ਵਿਦਿਆਰਥਣ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ ਜਿਸ ਨੂੰ ਡਾਕਟਰਾਂ ਵੱਲੋਂ ਇਲਾਜ ਲਈ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਬੱਚੀ ਦੇ ਮਾਪਿਆਂ ਨੂੰ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਲਗਾਤਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸੰਪਰਕ ਵਿੱਚ ਹਨ ਅਤੇ ਪਰਿਵਾਰ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ।
ਇਸ ਦੌਰਾਨ ਡਿਪਟੀ ਕਮਿਸਨਰ ਨੇ ਹਸਪਤਾਲ ਦੇ ਡਾਕਟਰਾਂ ਨਾਲ ਵੀ ਬੱਚੀ ਦੀ ਸਿਹਤ ਸਥਿਤੀ ਬਾਰੇ ਗੱਲਬਾਤ ਕਰਕੇ ਜਾਇਜ਼ਾ ਲਿਆ।