ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਅਪਰੈਲ
ਜੁਆਂਇਟ ਐਕਸ਼ਨ ਕਮੇਟੀ ਬੀਐੱਚਐੱਸਬੀਆਈਈਟੀ, ਲਹਿਰਾਗਾਗਾ ਵੱਲੋਂ ਵਾਅਦਾ ਖਿਲਾਫ਼ੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਐੱਸਡੀਐੱਮ ਦਫਤਰ ਅੱਗੇ ਦਿਨ ਰਾਤ ਦਾ ਐਣਐਲਾਨੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲਹਿਰਾਗਾਗਾ (ਸੰਗਰੂਰ) ਦੇ ਤਨਖਾਹ ਨਾ ਮਿਲਣ ਕਰਕੇ ਖੁਦਕੁਸ਼ੀ ਕਰਨ ਵਾਲੇ ਕਲਰਕ ਦਵਿੰਦਰ ਸਿੰਘ ਦੇ ਵਾਰਸਾਂ ਨੂੰ ਐਲਾਨੀ ਪੂਰੀ ਸਹਾਇਤਾ ਨਾ ਮਿਲਣ ਕਾਨ ਕਾਲਜ ਅੱਗੇ ਚਲ ਰਿਹਾ ਧਰਨਾ ਐੱਸਡੀਐੱਮ ਦਫ਼ਤਰ ’ਚ ਤਬਦੀਲ ਕੀਤਾ ਗਿਆ ਹੈ। ਇਸ ਦੌਰਾਨ ਰੋਸ ਮਾਰਚ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜੁਆਇੰਟ ਐਕਸਨ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਦਵਿੰਦਰ ਸਿੰਘ,ਵੱਲੋਂ ਤਨਖਾਹਾਂ ਅਤੇ ਸਾਲਾਨਾ ਤਰੱਕੀ ਨਾ ਮਿਲਣ ਕਾਰਨ ਆਪਣੇ ਦਫਤਰ ਵਿੱਚ ਖੁਦਕੁਸ਼ੀ ਕਰ ਲਈ ਗਈ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਬਰਿੰਦਰ ਗੋਇਲ , ਡਿਪਟੀ ਕਮਿਸ਼ਨਰ ਸੰਗਰੂਰ, ਡੀਐੱਸਪੀ ਅਤੇ ਐੱਸਡੀਐੱਮ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਦੱਸ ਲੱਖ ਰੁਪਏ, ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਤੇ ਹੋਰ ਮੰਗਾਂ ਮੰਗਣ ਦਾ ਯਕੀਨ ਦਿਵਾਇਆ ਗਿਆ ਸੀ। ਪ੍ਰਸ਼ਾਸਨ ਦੀ ਵਾਅਦਾਖਿਲਾਫ਼ੀ ਕਰਕੇ ਹੁਣ ਦਿਨ ਰਾਤ ਦਾ ਐਸਡੀਐਮ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਹੈ। ਜੁਆਂਇਟ ਐਕਸ਼ਨ ਕਮੇਟੀ ਵੱਲੋਂ ਕਿਹਾ ਗਿਆ ਕਿ ਸੰਸਥਾ ਦੇ ਬਾਕੀ ਮੁਲਾਜ਼ਮਾਂ ਦੀ ਦਿਮਾਗੀ ਅਤੇ ਮਾਲੀ ਹਾਲਤ ਬਹੁਤ ਖਰਾਬ ਹੈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਮੁੜ ਵਾਪਰ ਸਕਦੀ ਹੈ।