ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਜਨਵਰੀ
ਸੰਗਰੂਰ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਦੀ ਧੀ ਗੌਰੀ ਸਿੰਗਲਾ ਵੀ ਆਪਣੇ ਪਿਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਚ ਜੁੱਟ ਗਈ ਹੈ। ਗੌਰੀ ਸਿੰਗਲਾ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਘਰ-ਘਰ ਜਾ ਕੇ ਆਪਣੇ ਪਿਤਾ ਵੱਲੋਂ ਕਰਵਾਏ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਗੌਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਵਿਜੈਇੰਦਰ ਸਿੰਗਲਾ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਦੇ ਲੋਕਾਂ ਨੂੰ ਹੀ ਆਪਣਾ ਪਰਿਵਾਰ ਸਮਝਿਆ ਹੈ ਅਤੇ ਜ਼ਿਆਦਾ ਸਮਾਂ ਹਲਕੇ ਦੇ ਲੋਕਾਂ ਦੀ ਸੇਵਾ ਤੇ ਵਿਕਾਸ ਕਾਰਜਾਂ ਕਰਾਉਣ ’ਚ ਹੀ ਗੁਜ਼ਾਰਿਆ ਹੈ। ਰੁਝੇਵਿਆਂ ਕਾਰਨ ਉਨ੍ਹਾਂ ਨੂੰ ਪਿਤਾ ਦੇ ਪਿਆਰ ਤੋਂ ਵਾਂਝਾ ਵੀ ਰਹਿਣਾ ਪਿਆ ਹੈ ਪਰ ਉਨ੍ਹਾਂ ਨੂੰ ਮਾਣ ਹੈ ਕਿ ਉਸ ਦੇ ਪਿਤਾ ਨੇ ਹਮੇਸ਼ਾ ਹੀ ਲੋਕਾਂ ਦੀ ਸੇਵਾ ਅਤੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਹੁਣ ਹਲਕੇ ਦੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਪਿਤਾ ਦੇ ਪਿਆਰ ਨੂੰ ਦੁੱਗਣਾ ਕਰਕੇ ਮੋੜਨ ਅਤੇ ਵੱਡੀ ਲੀਡ ਨਾਲ ਜਿਤਾਉਣ।