ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 12 ਅਕਤੂਬਰ
ਬਾਦਸ਼ਾਹ ਸਪੋਰਟਸ ਐਂਡ ਵੈੱਲਫੇਅਰ ਕਲੱਬ ਮਾਲੇਰਕੋਟਲਾ ਵੱਲੋਂ ਮਰਹੂਮ ਸਾਬਕਾ ਕੌਂਸਲਰ ਹਾਜੀ ਮੁਹੰਮਦ ਅਨਵਰ ਦੀ ਯਾਦ ‘ਚ 10ਵਾਂ ਦੰਗਲ ਕਲੱਬ ਦੇ ਪ੍ਰਧਾਨ ਮੁਹੰਮਦ ਸ਼ਕੀਲ ਦੀ ਪ੍ਰਧਾਨਗੀ ਅਤੇ ਮੁਹੰਮਦ ਸ਼ਫੀਕ ਭੋਲਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਕੌਂਸਲਰ ਮੁਹੰਮਦ ਨੌਸ਼ਾਦ ਅਨਵਰ ਨੇ ਮੁੱਖ ਮਹਿਮਾਨ ਅਤੇ ਮੁਹੰਮਦ ਖਾਲਿਦ ਥਿੰਦ ਪ੍ਰਧਾਨ ਜ਼ਿਲ੍ਹਾ ਰੈਸਲਿੰਗ ਐਸੋਸੀਏਸ਼ਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ। ਕਲੱਬ ਪ੍ਰਧਾਨ ਮੁਹੰਮਦ ਸ਼ਕੀਲ ਨੇ ਦੱਸਿਆ ਕਿ ਇਸ ਦੰਗਲ ਦੀਆਂ 3 ਵੱਡੀਆਂ ਕੁਸ਼ਤੀਆਂ ‘ਚ ਪਹਿਲਵਾਨਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲੀ ਵੱਡੀ ਝੰਡੀ ਦੀ ਕੁਸ਼ਤੀ ਦੌਰਾਨ ਜੱਸਾ ਮਰੋੜ ਤੇ ਰੱਜ਼ਾਕ ਮਾਲੇਰਕੋਟਲਾ ਦੇ ਵਿਚਕਾਰ ਹੋਈ, ਜੋ ਬਰਾਬਰ ਰਹੀ, ਦੂਜੀ ਕੁਸ਼ਤੀ ਨੂਰੀ ਆਲਮਗੀਰ ਤੇ ਨਾਨੂ ਮਾਲੇਰਕੋਟਲਾ ਦੇ ਦਰਮਿਆਨ ਹੋਈ ਤੇ ਬਰਾਬਰ ਰਹੀ, ਤੀਜੀ ਕੁਸ਼ਤੀ ‘ਚ ਸ਼ਰੀਫ ਪਹਿਲਵਾਨ ਮਾਲੇਰਕੋਟਲਾ ਨੇ ਅਪਣੇ ਵਿਰੋਧੀ ਕਾਦਰ ਖਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਆਸਿਫ ਮਾਲੇਰਕੋਟਲਾ ਨੇ ਧਰਮਿੰਦਰ ਆਲਮਗੀਰ ਨੂੰ ਹਰਾਇਆ, ਕਾਲੀਆ ਮਾਲੇਰਕੋਟਲਾ ਤੇ ਮੁਹੰਮਦ ਅਖ਼ਤਰ ਦੀ ਕੁਸ਼ਤੀ ਬਰਾਬਰ ਰਹੀ। ਦੰਗਲ ਦੇ ਮੁੱਖ ਮਹਿਮਾਨ ਕੌਂਸਲਰ ਨੌਸ਼ਾਦ ਅਨਵਰ ਨੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਨ ਉਪਰੰਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਉਸਤਾਦ ਸ਼ਫੀਕ ਭੋਲਾ ਪਹਿਲਵਾਨ, ਕੌਂਸਲਰ ਅਕਰਮ ਲਬਿੜਾ, ਮੁਹੰਮਦ ਅਨੀਸ ਨੀਸਾ, ਮੁਹੰਮਦ ਇਕਬਾਲ ਢਿੱਲੋਂ, ਮੁਹੰਮਦ ਅਰਸ਼ਦ ਥਿੰਦ ਤੇ ਮੁਹੰਮਦ ਯਾਸੀਨ ਆਦਿ ਹਾਜ਼ਰ ਸਨ।