ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 12 ਜੂਨ
ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਮਾਲੇਰਕੋਟਲਾ-1 ਅਧੀਨ ਪੈਂਦੇ ਪਿੰਡ ਜਲਾਲਗੜ੍ਹ ਦੇ ਦਲਿਤ ਭਈਚਾਰੇ ਨਾਲ ਸਬੰਧਤ ਲੋਕਾਂ ਨੇ ਪਿੰਡ ਜਲਾਲਗੜ੍ਹ ਦੀ ਪੰਚਾਇਤੀ ਜ਼ਮੀਨ ਵਿੱਚੋਂ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਲੈਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ-1 ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪਿੰਡ ਇਕਾਈ ਦੇ ਆਗੂ ਗੁਰਜੰਟ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਜਲਾਲਗੜ੍ਹ ਦਾ ਦਲਿਤ ਭਾਈਚਾਰਾ ਪਿਛਲੇ ਕਈ ਸਾਲਾਂ ਤੋਂ ਪਸ਼ੂਆਂ ਦੇ ਹਰੇ ਚਾਰੇ ਲਈ ਪੰਚਾਇਤੀ ਜ਼ਮੀਨ ’ਚੋਂ ਰਾਖ਼ਵੇਂ ਹਿੱਸੇ ਦੀ ਜ਼ਮੀਨ ਉੱਪਰ ਸਾਂਝੀ ਖੇਤੀ ਕਰਦਾ ਆ ਰਿਹਾ ਹੈ ਪਰ ਇਸ ਸਾਲ ਪਿੰਡ ਦੇ ਜਨਰਲ ਵਰਗ ਨਾਲ ਸਬੰਧਤ ਕੁਝ ਲੋਕਾਂ ਨੇ ਪਿੰਡ ਦੇ ਦਲਿਤ ਭਾਈਚਾਰੇ ਵਿੱਚੋਂ ਇਕ ਵਿਅਕਤੀ, ਜਿਸ ਦੇ ਨਾਂ ਰਾਖਵੇਂ ਹਿੱਸੇ ਦੀ ਜ਼ਮੀਨ ਦੀ ਬੋਲੀ ਹੋਈ ਸੀ, ਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਉਸ ਨੇ ਦਲਿਤਾਂ ਨੂੰ ਸਿਆਸੀ ਰੰਜਿਸ਼ ਤਹਿਤ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਕਈ ਵਾਰੀ ਰਾਬਤਾ ਕਾਇਮ ਕੀਤਾ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਪਿੰਡ ਦੇ ਜਨਰਲ ਵਰਗ ਦੇ ਲੋਕਾਂ ਵੱਲੋਂ ਕਥਿਤ ਤੌਰ ’ਤੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦਲਿਤ ਭਾਈਚਾਰੇ ’ਤੇ ਪਰਚਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਤੋਲੇਵਾਲ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਢੁੱਕਵਾਂ ਹੱਲ ਨਾ ਕੀਤਾ ਤਾਂ ਸੋਮਵਾਰ ਨੂੰ ਪਰਿਵਾਰ ਅਤੇ ਬੱਚਿਆਂ ਸਮੇਤ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਸੁਨੀਲ, ਗੁਰਦੇਵ ਕੌਰ, ਗੁਰਮੇਲ ਕੌਰ ਹਾਜ਼ਰ ਸਨ।
ਦਲਿਤਾਂ ਦੀ ਅਣਦੇਖੀ ਖ਼ਿਲਾਫ਼ ਮੁੱਖ ਮੰਤਰੀ ਨੂੰ ਮੰਗ ਪੱਤਰ
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬ ਸਰਕਾਰ ’ਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਮੁਲਾਜ਼ਮਾਂ ਅਤੇ ਦਲਿਤ ਸਮਾਜ ਦੀਆਂ ਸੰਵਿਧਾਨਕ ਮੰਗਾਂ ਦੀ ਅਣਦੇਖੀ ਕਰਨ ਦੇ ਦੋਸ਼ ਲਾਉਂਦਿਆਂ, ‘ਗਜ਼ਟਿਡ ਐਂਡ ਨਾਨ ਗਜ਼ਟਿਡ ਐੱਸ.ਸੀ/ਬੀ.ਸੀ ਐਂਪਲਾਈਜ਼ ਵੈੱਲਫੇਅਰ ਫੈਡਰੇਸ਼ਨ’ ਵੱਲੋਂ ਪੰਜਾਬ ਦੇ ਸਮੂਹ ਵਿਧਾਇਕਾਂ ਦੇ ਘਰੀਂ ਜਾ ਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਫੈਡਰੇਸ਼ਨ ਨੇ ਅੱਜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਹਲਕਾ ਸਨੌਰ ਅਧੀਨ ਪੈਂਦੇ ਪਿੰਡ ਜਲਾਲਪੁਰ ਸਥਿਤ ਰਿਹਾਇਸ਼ ਵਿੱਚ ਪੁੱਜ ਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ। ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠਲੇ ਵਫ਼ਦ ਵਿੱਚ ਸੁਖਜਿੰਦਰ ਸਿੰਘ ਸ਼ੇਖੂਪੁਰਾ, ਰਿਚਰਡ ਸਾਦਿਕ, ਹਰਪ੍ਰੀਤ ਸਿੰਘ ਗੋਲੂ, ਵਿਕਰਮ ਸਿੰਘ ਚੌਹਾਨ ਅਤੇ ਪ੍ਰਭਨੂਰ ਸਿੰਘ ਸ਼ਾਮਲ ਸਨ। ਉਨ੍ਹਾਂ ਮੰਗ ਕੀਤੀ ਕਿ 85ਵੀਂ ਸੰਵਿਧਾਨਕ ਸੋਧ ਜੂਨ 1995 ਤੋਂ ਲਾਗੂ ਕੀਤੀ ਜਾਵੇ। 10 ਅਕਤੂਬਰ 2014 ਦਾ ‘ਗ਼ੈਰ ਸੰਵਿਧਾਨਕ’ ਪੱਤਰ ਰੱਦ ਕੀਤਾ ਜਾਵੇ। ਵਿਧਾਇਕ ਜਲਾਲਪੁਰ ਨੇ ਇਹ ਮੰਗ ਪੱਤਰ ਮੁੱਖ ਮੰਤਰੀ ਤੱਕ ਪੁੱਜਦਾ ਕਰਨ ਦਾ ਭਰੋਸਾ ਦਿਵਾਇਆ।