ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਜੁਲਾਈ
ਪਿੰਡ ਹੇੜੀਕੇ ਵਿੱਚ ਰਿਜ਼ਰਵ ਕੋਟੇ ਦੀ ਪੰਚਾਇਤੀ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਲਿਤ ਵਰਗ ਦੇ ਲੋਕਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਡੰਮੀ ਕਰਾਰ ਦਿੰਦਿਆਂ ਇਸ ਬੋਲੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਆਗੂ ਪਰਮਜੀਤ ਕੌਰ ਲੌਂਗੋਵਾਲ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਪਿੰਡ ਹੇੜੀਕੇ ਦਾ ਦਲਿਤ ਭਾਈਚਾਰਾ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਘੱਟ ਰੇਟ ਤੇ ਹਰੇ ਚਾਰੇ ਲਈ ਲੈਣਾ ਚਾਹੁੰਦਾ ਹੈ ਪਰ ਹਲਕੇ ਨਾਲ ਸਬੰਧਤ ਸੱਤਾਧਾਰੀ ਪਾਰਟੀ ਦੀ ਆਗੂ ਦੀ ਸ਼ਹਿ ’ਤੇ ਕਥਿਤ ਡੰਮੀ ਬੋਲੀ ਕਰਵਾ ਕੇ ਜਨਰਲ ਵਰਗ ਅਤੇ ਪੰਚਾਇਤ ਨੂੰ ਜ਼ਮੀਨ ਦੇ ਦਿੱਤੀ ਗਈ ਹੈ ਜਿਸਦੇ ਖ਼ਿਲਾਫ ਪਿੰਡ ਦਾ ਦਲਿਤ ਭਾਈਚਾਰਾ ਇੱਕਜੁੱਟ ਹੋ ਕੇ ਜ਼ਮੀਨ ਵਿਚ ਬੈਠਾ ਹੈ ਜੋ ਕਿ ਬੋਲੀ ਰੱਦ ਕਰਨ ਅਤੇ ਘੱਟ ਰੇਟ ’ਤੇ ਜ਼ਮੀਨ ਲੈਣ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਦਾ ਪੱਕਾ ਹੱਲ ਕਰਾਉਣ ਦੀ ਮੰਗ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ 13 ਅਗਸਤ ਨੂੰ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਤਿਆਰੀ ਲਈ ਸ਼ੇਰਪੁਰ ਇਲਾਕੇ ਦੇ ਪਿੰਡਾਂ ਵਿਚ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸੰਘਰਸ਼ ਕਮੇਟੀ ਆਗੂ ਸ਼ਿੰਦਰ ਕੌਰ ਅਤੇ ਸ਼ਿੰਗਾਰਾ ਸਿੰਘ ਨੇ ਵੀ ਸੰਬੋਧਨ ਕੀਤਾ।
ਜ਼ਮੀਨ ਦੀ ਬੋਲੀ ਖ਼ਿਲਾਫ਼ ਧਰਨਾ ਦੂਜੇ ਦਿਨ ਵੀ ਜਾਰੀ
ਸ਼ੇਰਪੁਰ (ਬੀਰਬਲ ਰਿਸ਼ੀ): ਪਿੰਡ ਹੇੜੀਕੇ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਲਗਾਇਆ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਬੀਤੀ ਦਿਨ ਹੋਈ ਬੋਲੀ ਨੂੰ ਡੰਮੀ ਕਰਾਰ ਦਿੰਦਿਆਂ ਮਜ਼ਦੂਰਾਂ ਨੇ ਪੂਰੇ ਘਟਨਾਕ੍ਰਮ ਲਈ ਕਾਂਗਰਸ ਦੀ ਸਾਬਕਾ ਵਿਧਾਇਕਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨਾਅਰੇਬਾਜ਼ੀ ਕੀਤੀ ਅਤੇ ਚੁਣੌਤੀ ਦਿੰਦਿਆਂ ਕਿਸੇ ਵੀ ਨੂੰ ਵੀ ਜ਼ਮੀਨ ਦੇ ਨੇੜੇ ਨਾ ਢੁੱਕਣ ਦੇਣ ਦਾ ਅਹਿਦ ਦੁਹਰਾਇਆ। ਯਾਦ ਰਹੇ ਕਿ ਬੀਤੇ ਦਿਨ ਬੋਲੀ ਹੋਣ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਪੁਲੀਸ ਨਾਲ ਧੱਕਾ-ਮੁੱਕੀ ਕੀਤੀ, ਬੀਡੀਪੀਓ ਦੀ ਗੱਡੀ ’ਤੇ ਸੋਟੀਆਂ ਨਾਲ ਹਮਲਾ ਕੀਤਾ ਅਤੇ ਪੰਚਾਇਤੀ ਜ਼ਮੀਨ ਦੇ 7 ਏਕੜ ਦੇ ਟੱਕ ਵਿੱਚ ਜ਼ੈੱਡਪੀਐੱਸਸੀ ਦੇ ਕਾਰਕੁਨਾਂ ਨੇ ਝੰਡਾ ਗੱਡ ਕੇ ਧਰਨਾ ਸ਼ੁਰੂ ਕਰ ਦਿੱਤਾ ਸੀ। ਜ਼ੈੱਡਪੀਐੱਸਸੀ ਦੇ ਆਗੂਆਂ ਬੀਬੀ ਕਿਰਨ, ਹਰਜੀਤ ਕੌਰ, ਹਰਬੰਸ ਕੌਰ, ਸ਼ਿੰਦਰ ਕੌਰ, ਗੁਰਮੀਤ ਕੌਰ, ਸ਼ਿੰਗਾਰਾ ਸਿੰਘ, ਨਾਹਰ ਸਿੰਘ, ਹਰਚਰਨ ਸਿੰਘ ਅਤੇ ਹਾਕਮ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਸੰਘਰਸ਼ ਕਮੇਟੀ ਦੀ ਜ਼ੋਨਲ ਕਨਵੀਨਰ ਪਰਮਜੀਤ ਕੌਰ ਲੌਂਗੋਵਾਲ ਨੇ ਕਿਹਾ ਕਿ ਪੁਲੀਸ ਬੁਲਾ ਕੇ ਕਰਵਾਈ ਜ਼ਬਰੀ ਬੋਲੀ ਸਬੰਧੀ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੁਲਾਕਾਤ ਕਰਕੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ।