ਨਿਜੀ ਪੱਤਰ ਪ੍ਰੇਰਕ
ਸੰਗਰੂਰ, 12 ਮਈ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਦਲਿਤ ਵਰਗ ਦੇ ਲੋਕਾਂ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸਿਖ਼ਰ ਦੁਪਹਿਰੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦਾ ਘਿਰਾਓ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਘੱਟ ਰੇਟ ’ਤੇ ਪੱਕੇ ਤੌਰ ’ਤੇ ਦੇਣ ਅਤੇ ਝੋਨੇ ਦੀ ਲਵਾਈ ਦੇ ਰੇਟਾਂ ਨੂੰ ਲੈ ਕੇ ਦਲਿਤ ਵਰਗ ਦਾ ਬਾਈਕਾਟ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੋਕ ਸਥਾਨਕ ਅਨਾਜ ਮੰਡੀ ਵਿਚ ਇਕੱਠੇ ਹੋਏ ਜਿਥੇ ਰੈਲੀ ਕਰਨ ਤੋਂ ਬਾਅਦ ਸਿਖ਼ਰ ਦੁਪਹਿਰੇ ਦੋ ਵਜੇ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਸ਼ੁਰੂ ਹੋਇਆ ਜੋ ਕਿ ਵੱਖ-ਵੱਖ ਬਜ਼ਾਰਾਂ ’ਚੋਂ ਹੁੰਦਾ ਹੋਇਆ ਕੋਠੀ ਅੱਗੇ ਪੁੱਜਿਆ। ਸੂਬਾਈ ਰੈਲੀ ਦੇ ਮੱਦੇਨਜ਼ਰ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਅੱਗੇ ਵੱਡੀ ਤਾਦਾਦ ’ਚ ਪੁਲੀਸ ਤਾਇਨਾਤ ਸੀ ਅਤੇ ਬੈਰੀਕੇਡ ਲਗਾ ਕੇ ਸਖਤ ਨਾਕੇਬੰਦੀ ਕੀਤੀ ਹੋਈ ਸੀ। ਪੁਲੀਸ ਵਲੋਂ ਰੋਕੇ ਜਾਣ ’ਤੇ ਲੋਕਾਂ ਵਲੋਂ ਕਲੋਨੀ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਲਗਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪਿਛਲੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੂੰ ਵੀ ਮਾਤ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਚਾਇਤ ਮੰਤਰੀ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾ ਰਹੇ ਹਨ ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਪਿੰਡਾਂ ’ਚ ਧਨਾਢ ਐਸ.ਸੀ. ਭਾਈਚਾਰੇ ਦੇ ਹਿੱਸੇ ਵਾਲੀਆਂ ਜ਼ਮੀਨਾਂ ਡੰਮੀ ਬੋਲੀ ਰਾਹੀਂ ਲੈ ਕੇ ਖੇਤੀ ਕਰ ਰਹੇ ਹਨ। ਜ਼ੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਅਤੇ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਪਿੰਡਾਂ ਵਿਚ ਐੱਸਸੀ ਭਾਈਚਾਰੇ ਦੇ ਖ਼ਿਲਾਫ਼ ਮਤੇ ਪਾ ਕੇ ਝੋਨਾ ਲਾਉਣ ਅਤੇ ਮਜ਼ਦੂਰੀ ਦੇ ਰੇਟ ਤੈਅ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਵਿੰਦਰ ਸਿੰਘ ਬੌੜਾਂ, ਗੁਰਦਾਸ ਝਲੂਰ, ਧਰਮਪਾਲ ਨੂਰਖੇੜੀਆ ਆਦਿ ਨੇ ਵੀ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਮੁੱਖ ਮੰਤਰੀ ਪੰਜਾਬ ਨਾਲ 24 ਮਈ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਦਾ ਲਿਖਤੀ ਪੱਤਰ ਸੌਂਪਿਆ ਗਿਆ ਜਿਸ ਮਗਰੋਂ ਘਿਰਾਓ ਤੇ ਧਰਨਾ ਸਮਾਪਤ ਕੀਤਾ।
ਪਿੰਡ ਤੋਲਾਵਾਲ ਦੇ ਦਲਿਤ ਮਜ਼ਦੂਰ ਪੰਚਾਇਤੀ ਜ਼ਮੀਨ ਲੈਣ ਵਿੱਚ ਸਫਲ
ਚੀਮਾ ਮੰਡੀ (ਪੱਤਰ ਪ੍ਰੇਰਕ): ਪਿੰਡ ਤੋਲਾਵਾਲ ਵਿਖੇ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦਲਿਤ ਮਜ਼ਦੂਰ ਸਾਂਝੇ ਤੌਰ ’ਤੇ ਲੈਣ ਵਿੱਚ ਇਸ ਸਾਲ ਵੀ ਕਾਮਯਾਬ ਰਹੇ ਹਨ। ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਲਈ ਪਿੰਡ ਦੇ ਦਲਿਤ ਮਜ਼ਦੂਰਾਂ ਨੇ ਸਾਂਝੇ ਤੌਰ ’ਤੇ ਲੈਣ ਲਈ ਬਿੱਕਰ ਸਿੰਘ, ਚਮਕੋਰ ਸਿੰਘ, ਮੰਗਾ ਸਿੰਘ ਵੱਲੋਂ ਸਕਿਉਰਟੀ ਭਰੀ ਸੀ, ਜੋ ਕਿ ਪਿਛਲੇ ਸਾਲ ਨਾਲੋਂ ਮਾਮੂਲੀ ਵਾਧੇ ਨਾਲ 12 ਏਕੜ ਜ਼ਮੀਨ 352150 ਰੁਪਏ ਵਿੱਚ ਬੋਲੀ ਬਿੱਕਰ ਸਿੰਘ ਦੇ ਨਾਂ ਤੋੜੀ ਗਈ। ਜ਼ਮੀਨ ਪ੍ਰਾਪਤ ਹੋਣ ਤੋਂ ਬਾਅਦ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਪਿੰਡ ਇਕਾਈ ਦੇ ਪ੍ਧਾਨ ਸੁਖਦੇਵ ਸਿੰਘ ਸੁੱਖੀ ਦੀ ਅਗਵਾਈ ਹੇਠ ਜ਼ਮੀਨ ਵਿੱਚ ਹਰ ਸਾਲ ਦੀ ਇਸ ਸਾਲ ਵੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦਾ ਸੂਹਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸੁਖਦੇਵ ਸਿੰਘ ਸੁੱਖੀ ਨੇ ਕਿਹਾ ਕਿ ਇਹ ਜ਼ਮੀਨ ਮਿਲਣ ਨਾਲ ਮਜ਼ਦੂਰਾਂ ਦਾ ਮਾਨ ਸਨਮਾਨ ਵਧਿਆ ਹੈ।