ਨਿਜੀ ਪੱਤਰ ਪ੍ਰੇਰਕ
ਸੰਗਰੂਰ, 7 ਮਈ
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰਾਮਵੀਰ ਨੇ ਕੋਵਿਡ- 19 ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਸੰਗਰੂਰ ਅੰਦਰ ਦੁਕਾਨਾਂ ਤੇ ਹੋਰਨਾਂ ਕਾਰੋਬਾਰਾਂ ਦੇ ਖੁੱਲ੍ਹਣ ਦੇ ਸਮੇਂ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਸ੍ਰੀ ਰਾਮਵੀਰ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਦੇ ਨਿਰਧਾਰਤ ਕੀਤੇ ਸਮੇਂ ਮੁਤਾਬਿਕ ਜ਼ਿਲ੍ਹਾ ਸੰਗਰੂਰ ਅੰਦਰ ਸਵੇਰ 5 ਵਜੇ ਤੋਂ ਸਵੇਰ 9 ਵਜੇ ਤੱਕ ਰੋਜਾਨਾ ਦੁੱਧ, ਬਰੈਡ, ਫ਼ਲ, ਸਬਜ਼ੀਆਂ ਅਤੇ ਕਰਿਆਨਾ, ਮੀਟ ਪੋਲਟਰੀ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਹਰ ਰੋਜ ਦੁੱਧ, ਫ਼ਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਖੁਲ੍ਹਣਗੀਆਂ। ਉਨ੍ਹਾਂ ਦੱਸਿਆ ਕਿ ਸਵੇਰ 9 ਵਜੇ ਤੋਂ 10 ਵਜੇ ਤੱਕ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ 10 ਵਜੇ ਸਵੇਰ ਤੋਂ ਬਾਅਦ ਦੁਪਹਿਰ 2 ਵਜੇ ਤੱਕ ਦੁਬਾਰਾ ਕਰਿਆਨਾ ਦੀਆਂ ਦੁਕਾਨਾਂ ਸਮੇਤ ਬਾਕੀ ਰਹਿੰਦੀਆਂ ਸ਼੍ਰੇਣੀਆਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੋਵੇਗੀ। ਉਨ੍ਹਾਂ ਦੱਸਿਆ ਕਿ ਬਾਰ, ਸਿਨੇਮਾ ਹਾਲ, ਸੈਲੂਨ, ਜਿੰਮ, ਆਈਲੈੱਟਸ ਸੈਂਟਰ, ਟਿਊਸ਼ਨ ਸੈਂਟਰ, ਸੀਵਿੰਮਗ ਪੁਲ, ਸਪੋਰਟਸ ਕੰਪਲੈਕਸ਼, ਸਾਰੇ ਪੀ.ਜੀ. ਸਣੇ ਹੋਰ ਵਿੱਦਿਅਕ ਸੰਸਥਾਵਾਂ ਆਦਿ ਸਮੇਤ ਪੰਜਾਬ ਸਰਕਾਰ ਵੱਲੋਂ ਜਾਰੀ ਪਹਿਲੀਆਂ ਹਦਾਇਤਾਂ ਅਨੁਸਾਰ ਪਾਬੰਦੀਸ਼ੁਦਾ ਸ਼੍ਰੇਣੀਆਂ ਨੂੰ ਖੋਲ੍ਹਣ ਦੀ ਮਨਾਹੀ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਬਾਕੀ ਹਦਾਇਤਾਂ ਅਤੇ ਹੁਕਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਸ਼ਬਜੀ ਮੰਡੀ ਅਤੇ ਫਰੂਟ ਮੰਡੀ ਸਵੇਰੇ 10 ਵਜ੍ਹੇ ਤੱਕ ਖੁੱਲ੍ਹੀ ਰਹੇਗੀ।