ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 22 ਮਾਰਚ
ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਨੇ 25 ਮਾਰਚ ਤੋਂ ਸ਼ੁਰੂ ਹੋਣ ਵਾਲੇ ਮਾਲੇਰਕੋਟਲਾ ਕਲਚਰਲ ਫ਼ੈਸਟੀਵਲ ਦਾ ਅੱਜ ਕਾਰਡ ਲਾਂਚ ਕੀਤਾ ਹੈ। ਇਸ ਉਨ੍ਹਾਂ ਕਿਹਾ ਕਿ ਸੱਭਿਆਚਾਰਕ ਮੇਲੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਲਈ ਇਹ ਮੇਲਾ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਕਟਾਰੀਆ ਨੇ ਦੱਸਿਆ ਕਿ ਤਿੰਨ ਰੋਜ਼ਾ (25 ਮਾਰਚ ਤੋਂ 27 ਮਾਰਚ ਤੱਕ) ਚੱਲਣ ਵਾਲੇ ਇਸ ਮੇਲੇ ਵਿੱਚ ਪਹਿਲੇ ਦੋ ਦਿਨ ਉਰਦੂ ਅਕਾਦਮੀ ਮਾਲੇਰਕੋਟਲਾ ਵਿੱਚ ਸਮਾਗਮ ਕਰਵਾਏ ਜਾਣਗੇ ਅਤੇ 27 ਮਾਰਚ ਨੂੰ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਸਮਾਗਮ ਕਰਵਾਏ ਜਾਣਗੇ। ਮੇਲੇ ਦਾ ਉਦਘਾਟਨ ਵਿਧਾਇਕ ਡਾਕਟਰ ਮੁਹੰਮਦ ਜਮੀਲ-ਉਰ-ਰਹਿਮਾਨ ਕਰਨਗੇ। ਇਸ ਮੌਕੇ ਰਵਿੰਦਰ ਰਵੀ ਵਲੋਂ ਫੋਟੋਗ੍ਰਾਫੀ ਦੀ ਨੁਮਾਇਸ਼ ਲਗਾਈ ਜਾਵੇਗੀ।
ਦੂਜੇ ਸੈਸ਼ਨ ਦੌਰਾਨ ਸੁਮੇਲ ਸਿੰਘ ਸਿੱਧੂ ਦੁਆਰਾ “ਹੀਰ ਵਾਰਿਸ ਸ਼ਾਹ “ ਦੀ ਦਾਸਤਾਨ ਸਬੰਧੀ ਪੇਸ਼ਕਾਰੀ ਕੀਤੀ ਜਾਵੇਗੀ, ਉਸ ਉਪਰੰਤ ਹੀਰ ਵੀ ਗਾਈ ਜਾਵੇਗੀ। ਸ਼ਾਮ ਨੂੰ ‘ਬਸੰਤੀ ਚੋਲਾ’ ਨਾਟਕ ਦਾ ਮੰਚਨ ਕੀਤਾ ਜਾਵੇਗਾ।