ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 9 ਅਪਰੈਲ
ਖੇਤ ਸਲਾਹਕਾਰ ਸੇਵਾ ਕੇਂਦਰ ਪੀਏਯੂ ਦਫ਼ਤਰ ਸੰਗਰੂਰ ਅਤੇ ਕੇਵੀਕੇ ਖੇੜੀ ਦੇ ਖੇਤੀ ਮਾਹਿਰਾਂ ਵਲੋਂ ਨੇੜਲੇ ਪਿੰਡ ਹਿੰਮਤਾਨਾ, ਦਲੇਲਗੜ, ਸਾਦਿਤਪੁਰ, ਬੁਰਜ ਅਤੇ ਮਾਲੇਰਕੋਟਲਾ ਵਿੱਚ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਖਰਬੂਜ਼ੇ ਅਤੇ ਖੀਰੇ ਦੇ ਖੇਤਾਂ ਦਾ ਨਿਰੀਖ਼ਣ ਕੀਤਾ ਗਿਆ। ਪਿੰਡ ਹਿੰਮਤਾਨਾ ਵਿੱਚ ਮੁਹੰਮਦ ਇਕਬਾਲ ਅਤੇ ਬੁਰਜ ਵਿਖੇ ਮੁਹੰਮਦ ਉਮਰ ਦੇ ਖੇਤਾਂ ਵਿੱਚ ਖਰਬੂਜ਼ੇ ਦੀ ਫਸਲ ਦੀਆਂ ਬੌਬੀ, ਮਰਦੁਲਾ ਅਤੇ ਐਨਥਾਨੌਨ ਕਿਸਮਾਂ ਉਪਰ ਤਰਬੂਜ਼ ਦੇ ਉਖੇੜੇ ਦਾ ਹਮਲਾ ਅਤੇ ਖੀਰੇ ਦੇ ਤਕਰੀਬਨ ਸਾਰੇ ਖੇਤਾਂ ਵਿੱਚ ਪੀਲੇ ਧੱਬਿਆਂ ਦੇ ਰੋਗ ਦਾ ਹਮਲਾ ਅਤੇ ਪਿੰਡ ਬੁਰਜ ਵਿੱਚ ਨਿੰਮਾਟੋਡ ਦਾ ਖੀਰੇ ਵਿੱਚ ਹਮਲਾ ਦੇਖਿਆ ਗਿਆ। ਡਾ. ਬੂਟਾ ਸਿੰਘ ਰੋਮਾਣਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇਸ ਬਿਮਾਰੀ ਨਾਲ ਸੁੱਕ ਰਹੇ ਬੂਟਿਆਂ ਦਾ ਕੋਈ ਇਲਾਜ ਨਹੀਂ ਪਰ ਜੇ ਪਾਣੀ ਸੰਕੋਚ ਨਾਲ ਹਲਕਾ ਅਤੇ ਇਕ ਖਾਲੀ ਛਡ ਕੇ ਲਾਇਆ ਜਾਵੇ ਅਤੇ ਬੂਟਿਆਂ ਦੀਆਂ ਜੜ੍ਹਾਂ ਵਿੱਚ ਬਾਵਿਸਟਨ 2 -3 ਗਰਾਮ ਪਰ ਲਿਟਰ ਪਾਣੀ ਦੇ ਹਿਸਾਬ ਘੋਲ ਪਾਇਆ ਜਾਵੇ ਤਾਂ ਕੁੱਝ ਹਦ ਤਕ ਰਾਹਿਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਖੀਰੇ ਦੇ ਝੁਲਸ ਰੋਗ ਦਾ ਇਸ ਬਿਮਾਰੀ ਨਾਲ ਕੋਈ ਸਬੰਧ ਨਹੀਂ, ਇਸ ਲਈ ਖਰਬੂਜ਼ੇ ਉਪਰ ਬੇ-ਲੋੜੀਆਂ ਸਪਰੇਆਂ ਕਰਕੇ ਹੋਰ ਆਰਥਿਕ ਅਤੇ ਪੌਦਿਆਂ ਦਾ ਨੁਕਸਾਨ ਨਾ ਕੀਤਾ ਜਾਵੇ।