ਬੀਰਬਲ ਰਿਸ਼ੀ
ਸ਼ੇਰਪੁਰ, 11 ਮਈ
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਈਸਾਪੁਰ ਨੇ ਹਾਲ ਹੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਲੁਧਿਆਣਾ ਜ਼ਿਲ੍ਹੇ ’ਚ ਕੀਤੀ ਮੀਟਿੰਗ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲੀ ਵਾਰ ਮਾਣ ਸਨਮਾਨ ਦੇਣ ਅਤੇ ਜ਼ਮੀਨੀ ਪੱਧਰ ’ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਪਹਿਲਕਦਮੀ ਲਈ ਸ਼ਲਾਘਾ ਕੀਤੀ ਉੱਥੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਅਧਿਕਾਰੀਆਂ ਦੇ ਖਾਣੇ ਦੌਰਾਨ ਵਾਇਰਲ ਕੀਤੀ ਵੀਡੀਓ ਰਾਹੀਂ ਪੰਜਾਬ ਸਰਕਾਰ ਤੇ ਸਿੱਖਿਆ ਅਧਿਕਾਰੀਆਂ ਦੀ ਸਾਖ ਖਰਾਬ ਕਰਨ ਦੀ ਸਖ਼ਤ ਆਲੋਚਨਾ ਕੀਤੀ। ਸ੍ਰੀ ਈਸਾਪੁਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਸੂਬੇ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੇ ਸਿੱਖਿਆ ਖੇਤਰ ’ਚ ਇਨਕਲਾਬੀ ਸੁਧਾਰਾਂ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ ਸਿੱਖਿਆ ਅਧਿਕਾਰੀਆਂ ਨੂੰ ਘਰਾਂ ਤੋਂ ਲਿਜਾਣ, ਘਰਾਂ ਤੱਕ ਛੱਡਣ, ਸਵੇਰ ਤੇ ਦੁਪਹਿਰ ਦਾ ਸਰਕਾਰੀ ਪੱਧਰ ’ਤੇ ਸਰਕਾਰੀ ਭੋਜ ਦੇਣ, ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਬਕਾਇਦਾ ਪੋਰਟਲ ਬਣਾ ਕੇ ਸੁਝਾਅ ਮੰਗਣ ਸਰਕਾਰ ਦੀ ਨੇਕ ਨੀਅਤ ਤੇ ਨੀਤੀ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਆਪਣੀ ਜਥੇਬੰਦੀ ਵੱਲੋਂ ਸਰਕਾਰ ਸਿੱਖਿਆ ਸੁਧਾਰਾਂ ਵਿੱਚ ਆਪਣਾ ਸੌ ਪ੍ਰਤੀਸ਼ਤ ਯੋਗਦਾਨ ਪਾਏ ਜਾਣ ਦਾ ਭਰੋਸਾ ਦਿੱਤਾ ਜਦੋ ਕਿ ਵੀਡੀਓ ਵਾਇਰਲ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਬੀਪੀਈਓ ਜਥੇਬੰਦੀ ਦੇ ਆਗੂ ਗੋਪਾਲ ਕਰਿਸ਼ਨ, ਗੁਰਦਰਸ਼ਨ ਸਿੰਘ, ਹਰਤੇਜ ਸਿੰਘ ਕੌਹਰੀਆਂ, ਅਭਿਨਵ ਜੈਦਕਾ ਅਤੇ ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।