ਪੱਤਰ ਪ੍ਰੇਰਕ
ਭਵਾਨੀਗੜ੍ਹ, 5 ਜੁਲਾਈ
ਅੱਜ ਇੱਥੋਂ ਥੋੜੀ ਦੂਰ ਪਾਵਰਕਾਮ ਨਦਾਮਪੁਰ ਦੇ ਐੱਸਡੀਓ ਦਫ਼ਤਰ ਅੱਗੇ ਸੀਪੀਆਈ (ਐੱਮ) ਵੱਲੋਂ ਬਿਜਲੀ ਦੇ ਨਕਾਮ ਪ੍ਰਬੰਧਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂ ਮੰਗ-ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ) ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਭੂਪ ਚੰਦ ਚੰਨੋ ਨੇ ਕਿਹਾ ਕਿ ਜਦੋਂ ਕੈਪਟਨ ਸਰਕਾਰ ਸੱਤਾ ਵਿੱਚ ਆਈ ਤਾਂ ਲੋਕਾਂ ਨਾਲ ਮੁੁਕੰਮਲ ਕਰਜਾ ਮਾਫੀ, ਨਸ਼ਾਖੋਰੀ ਦਾ ਖਾਤਮਾ ਕਰਨਾ, ਸ਼ਗਨ ਸਕੀਮਾਂ ਦੇਣਾ, ਪੈਨਸ਼ਨਾਂ ਵਧਾਉਣ ਤੇ ਘਰ ਘਰ ਰੁਜ਼ਗਾਰ ਦੇਣਾ ਆਦਿ ਵਾਅਦੇ ਕੀਤੇ ਗਏ ਸਨ। ਇਸ ਦੇ ਨਾਲ ਹੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਬਿਜਲੀ ਸਬੰਧੀ ਕੀਤੇ ਲੋਕ ਵਿਰੋਧੀ ਫੈਸਲਿਆਂ ਨੂੰ ਖਤਮ ਕਰਕੇ ਘਰੇਲੂ ਖਪਤਕਾਰਾਂ ਨੂੰ ਚੌਵੀ ਘੰਟੇ ਅਤੇ ਖੇੇੇਤੀ ਮੋਟਰਾਂ ਨੂੰ ਅੱਠ ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਗਿਆ ਸੀ। ਪਾਰਟੀ ਆਗੂ ਨੇ ਕਿਹਾ ਕਿ ਬਾਕੀ ਵਾਅਦਿਆਂ ਦੀ ਤਰ੍ਹਾਂ ਕੈਪਟਨ ਸਰਕਾਰ ਬਿਜਲੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਵਿੱਚ ਵੀ ਫੇਲ੍ਹ ਸਾਬਤ ਹੋਈ ਹੈ। ਇਸ ਕਰਕੇ ਪਾਰਟੀ ਨੇ ਪਹਿਲੀ ਤੋਂ 7 ਜੁਲਾਈ ਤੱਕ ਧਰਨੇ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਨਿਰਵਿਘਨ ਸਪਲਾਈ ਨਾ ਦਿੱਤੀ ਗਈ ਤਾਂ ਪਾਰਟੀ ਹੋਰ ਤਿੱਖਾ ਸੰਘਰਸ਼ ਕਰੇਗੀ।
ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਸਤਵਿੰਦਰ ਸਿੰਘ ਭੋਲਾ ਨੂਰਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਨੇ ਨੂਰਪੁਰਾ, ਤਹਿਸੀਲ ਸਕੱਤਰ ਜੋਗਿੰਦਰ ਸਿੰਘ ਭਵਾਨੀਗੜ੍ਹ, ਬਲਵੀਰ ਸਿੰਘ ਭਵਾਨੀਗੜ੍ਹ, ਗੁਰਮੇਲ ਸਿੰਘ ਮੁਨਸ਼ੀਵਾਲਾ, ਦਰਸ਼ਨ ਸਿੰਘ ਮਾਝੀ, ਕੇਸਰ ਸਿੰਘ ਫੰਮਣਵਾਲ, ਫਕੀਰ ਸਿੰਘ ਨੂਰਪੁਰਾ, ਜੋਰਾ ਸਿੰਘ ਨੂਰਪੁਰਾ, ਸਰਪੰਚ ਜਤਿੰਦਰ ਸਿੰਘ ਨੂਰਪੁਰਾ ਆਦਿ ਹਾਜ਼ਰ ਸਨ।