ਨਿੱਜੀ ਪੱਤਰ ਪ੍ਰੇਰਕ
ਧੂਰੀ, 23 ਜਨਵਰੀ
ਸ਼ਹਿਰ ਦੇ ਵਾਰਡਾਂ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਸਬੰਧੀ ਬੈਨਰ ਵੀ ਲਗਵਾ ਦਿੱਤੇ ਹਨ। ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਵਾਰਡਾਂ ਅੰਦਰ ਲੋਕਾਂ ਨਾਲ਼ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਨਗਰ ਕੌਂਸਲ ਚੋਣਾਂ ਵਿੱਚ ਧੂਰੀ ਦੇ ਸਾਬਕਾ ਪ੍ਰਧਾਨਾਂ ਅਤੇ ਮੀਤ ਪ੍ਰਧਾਨਾਂ ਦੀਆਂ ਪਤਨੀਆਂ ਤੇ ਪੁੱਤਰ ਵੀ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਚੁੱਕੇ ਹਨ। ਧੂਰੀ ਸ਼ਹਿਰ ਦੇ ਕੁੱਲ 21 ਵਾਰਡਾਂ ’ਚੋਂ ਚੋਣ ਲੜਨ ਵਾਲੇ ਜ਼ਿਆਦਾਤਰ ਉਮੀਦਵਾਰ ਆਜ਼ਾਦ ਤੌਰ ’ਤੇ ਚੋਣ ਲੜਨ ਦੇ ਚਾਹਵਾਨ ਹਨ। ਕਾਂਗਰਸ ਪਾਰਟੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਵਰਕਰਾਂ ਨਾਲ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਹਰੇਕ ਵਾਰਡ ਵਿੱਚ ਪਾਰਟੀ ਆਪਣੇ ਉਮੀਦਵਾਰਾਂ ਨੂੰ ਪਾਰਟੀ ਦੇ ਚੋਣ ਨਿਸ਼ਾਨ ’ਤੇ ਹੀ ਚੋਣ ਮੈਦਾਨ ਵਿੱਚ ਉਤਾਰਨ ਦੇ ਰੋਹ ਵਿੱਚ ਹੈ। ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀ ਵੱਲੋਂ ਕੁਝ ਵਾਰਡਾਂ ’ਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਹੋਣਾ ਤੈਅ ਮੰਨਿਆ ਜਾ ਰਿਹਾ ਹੈ।