ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਮਈ
ਲੋਕ ਹਿਤਾਂ ਨੂੰ ਮੁੱਖ ਰੱਖਦਿਆਂ, ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਕੋਵਿਡ-19 ਮਹਾਂਮਾਰੀ ਵਾਲ਼ੇ ਮਰੀਜਾਂ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਇਥੋਂ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਕੁਝ ਹੋਰ ਰਾਜਾਂ ਤੋਂ ਵੀ ਕੋਵਿਡ ਮਰੀਜ਼ ਆਉਂਦੇ ਹਨ। ਨਵੇਂ ਹੁਕਮਾਂ ਅਨੁਸਾਰ ਪਟਿਆਲਾ ਜ਼ਿਲ੍ਹੇ ’ਚ ਬਿਨਾਂ ਆਕਸੀਜਨ ਵਾਲ਼ੀ ਐਂਬੂਲੈਂਸ ਦਾ ਕਿਰਾਇਆ 10 ਕਿਲੋਮੀਟਰ ਤੱਕ ਇੱਕ ਹਜ਼ਾਰ ਰੁਪਇਆ ਹੋਵੇਗਾ ਤੇ 10 ਕਿਲੋਮੀਟਰ ਤੋਂ ਵੱਧ ਹੋਣ ’ਤੇ 10 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਵਸੂਲਿਆ ਜਾ ਸਕੇਗਾ। ਆਕਸੀਜਨ ਅਤੇ ਜੀਵਨ ਬਚਾਉਣ ਵਾਲੇ ਮੁਢਲੇ ਯੰਤਰਾਂ ਨਾਲ਼ ਲੈਸ ਐਂਬੂਲੈਂਸ ਵਾਲੇ 10 ਕਿਲੋਮੀਟਰ ਤੱਕ 1600 ਰੁਪਏ ਅਤੇ 10 ਕਿਲੋਮੀਟਰ ਤੋਂ ਬਾਅਦ ਸਫ਼ਰ ਲਈ 15 ਰੁਪਏ ਪ੍ਰਤੀ ਕਿਲੋਮੀਟਰ ਤੋਂ ਵੱਧ ਕਿਰਾਇਆ ਨਹੀਂ ਲੈ ਸਕਦੇ। ਆਧੁਨਿਕ ਜੀਵਨ ਬਚਾਊ ਯੰਤਰਾਂ ਨਾਲ ਲੈਸ ਐਂਬੂਲੈਂਸਾਂ 10 ਕਿਲੋਮੀਟਰ ਤੱਕ 2500 ਰੁਪਏ ਅਤੇ ਉਸ ਤੋਂ ਵੱਧ ਜਾਣ ’ਤੇ 25 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਵਸੂਲ ਸਕਣਗੀਆਂ। ਪਰ ਇਸ ਤੋਂ ਵੱੱਧ ਵਸੂਲੀ ਨਹੀਂ ਕੀਤੀ ਜਾ ਸਕੇਗੀ। ਹੁਕਮਾਂ ਦੀ ਉਲੰਘਣਾ ਕਰਨ ’ਤੇ ਐਂਬੂਲੈਂਸ ਦੇ ਡਰਾਈਵਰ ਦਾ ਲਾਇਸੈਂਸ ਅਤੇ ਐਂਬੂਲੈਂਸ ਦੀ ਰਜਿਸਟਰੇਸ਼ਨ ਰੱਦ ਕਰਨ ਸਮੇਤ ਐਂਬੂਲੈਂਸ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਜਾਂ ਹਸਪਤਾਲ ਤੋਂ ਘਰ ਪਹੁੰਚਾਉਣ ਲਈ ਐਂਬੂਲੈਂਸ ਦੇ ਰੇਟ ਨਿਰਧਾਰਤ ਕੀਤੇ ਗਏ ਹਨ ਤਾਂ ਜੋ ਕੋਵਿਡ ਮਹਾਂਮਾਰੀ ਦੌਰਾਨ ਮਰੀਜ਼ਾਂ ਦਾ ਆਰਥਿਕ ਸ਼ੋਸ਼ਣ ਨਾ ਹੋਵੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ। ਡੀਸੀ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਆਮ ਜਨਤਾ ਨੂੰ ਸਹੂਲਤ ਦੇਣ ਅਤੇ ਮੁਨਾਫ਼ਾਖੋਰੀ ਨੂੰ ਰੋਕਣ ਲਈ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਲਈ ਰੇਟ ਤੈਅ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਐਂਬੂਲੈਂਸ ਵੈਨ ਅਤੇ ਇਨੋਵਾ ਐਂਬੂਲੈਂਸ 25 ਕਿਲੋਮੀਟਰ ਤੱਕ ਕਿਰਾਇਆ 2500 ਰੁਪਏ, ਅਤੇ 25 ਕਿਲੋਮੀਟਰ ਤੋਂ ਵੱਧ 12 ਰੁਪਏ ਪ੍ਰਤੀ ਕਿਲੋਮੀਟਰ ਵਸੂਲ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੈਂਟੀਲੇਟਰ ਐਂਬੂਲੈਂਸ ਵੈਨ 25 ਕਿਲੋਮੀਟਰ ਤੱਕ ਕਿਰਾਇਆ 5000 ਰੁਪਏ ਅਤੇ 25 ਕਿਲੋਮੀਟਰ ਤੋਂ ਵੱਧ 25 ਰੁਪਏ ਪ੍ਰਤੀ ਕਿਲੋਮੀਟਰ ਵਸੂਲ ਕਰ ਸਕਣਗੇ। ਐਂਬੂਲੈਂਸਾਂ ਦੇ ਇਹ ਰੇਟ ਮੌਰਚਰੀ ਵੈਨਾਂ ਉੱਪਰ ਵੀ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਜੇ ਕਿਸੇ ਐਂਬੂਲੈਂਸ ਆਪਰੇਟਰ, ਮਾਲਕ, ਡਰਾਈਵਰ, ਵਿਅਕਤੀ ਜਾਂ ਸੰਸਥਾ ਵੱਲੋਂ ਤੈਅ ਰੇਟਾਂ ਤੋ ਵਧੇਰੇ ਪੈਸੇ ਵਸੂਲ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੈਂਪ ਦੌਰਾਨ 500 ਵਿਅਕਤੀਆਂ ਨੇ ਵੈਕਸੀਨ ਲਵਾਈ
ਰਾਜਪੁਰਾ (ਪੱਤਰ ਪ੍ਰੇਰਕ): ਸਿਹਤ ਵਿਭਾਗ ਦੀ ਟੀਮ ਵੱਲੋਂ ਇਥੋਂ ਦੇ ਸਰਕਾਰੀ ਕੋ ਐਡ ਸੀਨੀਅਰ ਸੈਕੰਡਰੀ ਸਕੂਲ ਐੱਨਟੀਸੀ ਵਿੱਚ ਏਪੀਜੈਨ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਜਗਪਾਲ ਇੰਦਰ ਦੀ ਅਗਵਾਈ ਵਿੱਚ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਵਿੱਚ 500 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਇਸ ਮੌਕੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਨੇ ਲੋਕਾਂ ਨੂੰ ਵੈਕਸੀਨੇਸ਼ਨ ਕਰਾਉਣ ਦੀ ਅਪੀਲ ਕੀਤੀ।