ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਫਰਵਰੀ
ਕਰੋਨਾ ਦੀ ਆੜ ਹੇਠ ਬੰਦ ਵਿੱਦਿਅਕ ਅਦਾਰਿਆਂ ਨੂੰ ਖੁੱਲ੍ਹਵਾਉਣ ਦੀ ਮੰਗ ਲਈ ਭਵਾਨੀਗੜ੍ਹ ਸ਼ਹਿਰ ਤੇ ਵੱਖ-ਵੱਖ ਸਕੂਲਾਂ ਦੇ ਸਟਾਫ਼ ਵੱਲੋਂ ਟੌਲ ਪਲਾਜ਼ਾ ਕਾਲਾਝਾੜ ’ਤੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਇੱਕ ਪਾਸੇ ਕਰੋਨਾ ਦੇ ਬਾਵਜੂਦ ਚੋਣ ਮੁਹਿੰਮ ਦੌਰਾਨ ਵੱਡੇ-ਵੱਡੇ ਇਕੱਠ ਹੋ ਰਹੇ ਹਨ, ਪਰ ਦੂਜੇ ਪਾਸੇ ਸਕੂਲ ਬੰਦ ਕੀਤੇ ਗਏ ਹਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਿੰਡ ਸੰਗਤਪੁਰਾ ਅਤੇ ਕੋਟੜਾ ਲੇਹਲ ਦੇ ਸਰਕਾਰੀ ਸਕੂਲਾਂ ਨੂੰ ਖੋਲ੍ਹਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਇਕਾਈ ਵੱਲੋਂ ਜਥੇਬੰਦੀ, ਸਕੂਲ ਮੈਨੇਜਮੈਂਟ ਕਮੇਟੀ, ਮਾਪਿਆਂ ਅਤੇ ਵਿਦਿਆਰਥੀਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਕਰੋਨਾ ਦੀ ਆੜ ਹੇਠ ਸਕੂਲ ਬੰਦ ਰੱਖਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਜਥੇਬੰਦੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੇ ਕਿਹਾ ਕਿ ਜਥੇਬੰਦੀ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਤਹਿਲਸੀਲਦਾਰ ਕੁਲਦੀਪ ਸਿੰਘ ਦੇ ਰੀਡਰ ਪਰਮਜੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਮਸਤੂਆਣਾ ਸਾਹਿਬ (ਐੱਸ ਐੱਸ ਸੱਤੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਵੱਲੋਂ ਪਿੰਡ ਦੁੱਗਾ ਤੇ ਨੱਤਾਂ ਸਰਕਾਰੀ ਸਕੂਲਾਂ ਨੂੰ ਖੁੱਲ੍ਹਵਾਉਣ ਦੀ ਮੰਗ ਲਈ ਸਕੂਲਾਂ ਦੇ ਗੇਟ ਅੱਗੇ ਰੈਲੀਆਂ ਕੀਤੀਆਂ ਗਈਆਂ। ਇਸ ਦੌਰਾਨ ਦੁੱਗਾਂ ਸਕੂਲ ਦੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਵੀ ਸਰਕਾਰ ਸਕੂਲ ਖੋਲ੍ਹਣ ਸਬੰਧੀ ਹੁਕਮ ਦੇਵੇਗੀ ਤਾਂ ਪੜ੍ਹਾਈ ਰੈਗੂਲਰ ਕਰਵਾ ਦਿੱਤੀ ਜਾਵੇਗੀ।
ਸ਼ੇਰਪੁਰ (ਬੀਰਬਲ ਰਿਸ਼ੀ): ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਇਕੱਤਰ ਹੋਏ ਬੱਚਿਆਂ ਦੇ ਮਾਪਿਆਂ ਤੇ ਕਿਸਾਨ ਕਾਰਕੁਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ-ਕਹੇਰੂ ਅੱਗੇ ਸ਼ੇਰਪੁਰ-ਧੂਰੀ ਮੁੱਖ ਸੜਕ ‘ਤੇ ਨਾਅਰੇਬਾਜ਼ੀ ਕਰਦਿਆਂ ਬੰਦ ਸਰਕਾਰੀ ਸਕੂਲਾਂ ਨੂੰ ਤੁਰੰਤ ਖੋਲ੍ਹਣ ਦੀ ਮੰਗ ਕੀਤੀ।
ਸਮਾਣਾ (ਸੁਭਾਸ਼ ਚੰਦਰ): ਤਹਿਸੀਲ ਦੇ ਦਰਜਨ ਸਕੂਲਾਂ ਵੱਲੋਂ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਦੀ ਅਗਵਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਨਿੱਜੀ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਧਰਨਾ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਦੇ ਸੱਦੇ ’ਤੇ ਨਿੱਜੀ ਸਕੂਲ ਮੈਨੇਜਮੈਂਟ ਤੇ ਕਰਮਚਾਰੀਆਂ ਨੇ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਲਹਿਰਾਗਾਗਾ-ਸੁਨਾਮ ਮੁੱਖ ਮਾਰਗ ’ਤੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ ਦੀ ਹਦਾਇਤ ’ਤੇ ਸ਼ਾਂਤਮਈ ਮੁਜ਼ਾਹਰਾ ਕੀਤਾ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਤੁਰੰਤ ਸਕੂਲ ਖੋਲ੍ਹਣ ਦੀ ਮੰਗ ਕੀਤੀ। ਬੱਸ ਮਾਲਕਾਂ ਤੇ ਚਾਲਕਾਂ ਦਾ ਕਹਿਣਾ ਹੈ ਕਿ ਸਕੂਲ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ।