ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਮਈ
ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਚੌਵੀ ਘੰਟਿਆਂ ਚ 27 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ।ਇਨ੍ਹਾਂ ਵਿਚੋਂ 12 ਮ੍ਰਿਤਕ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ। ਉਂਜ ਪਟਿਆਲਾ ਜ਼ਿਲ੍ਹੇ ’ਚ ਅੱਜ 15 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ ਜਿਥੇ 12 ਦੀ ਮੌਤ ਇਥੋਂ ਦੇ ਰਾਜਿੰਦਰਾ ਹਸਪਤਾਲ ਵਿਚ ਹੋਈ, ਉਥੇ ਹੀ 3 ਹੋਰ ਮਰੀਜ਼ਾਂ ਨੇ ਹੋਰਨਾਂ ਹਸਪਤਾਲਾਂ ਵਿਚ ਦਮ ਤੋੜਿਆ। ਜਿਸ ਨਾਲ ਪਟਿਆਲਾ ਜ਼ਿਲ੍ਹੇ ਅੰਦਰ ਕਰੋਨਾ ਨਾਲ ਮੌਤ ਦੇ ਮੂੰਹ ਜਾਣ ਵਾਲ਼ੇ ਮਰੀਜ਼ਾਂ ਦੀ ਕੁੱਲ ਗਿਣਤੀ 858 ਹੋ ਗਈ ਹੈ। ਇਸੇ ਦੌਰਾਨ ਰਾਜਿੰਦਰਾ ਹਸਪਤਾਲ ਵਿੱਚ ਪੰਜਾਬ ਦੇ ਦਰਜਨ ਭਰ ਜ਼ਿਲ੍ਹਿਆਂ ਸਮੇਤ ਕੁੱਝ ਹੋਰਨਾਂ ਰਾਜਾਂ ਤੋਂ ਵੀ ਮਰੀਜ਼ ਦਾਖਲ ਹੋ ਰਹੇ ਹਨ। ਅੱਜ ਵੀ ਦੋ ਮ੍ਰਿਤਕ ਬਾਹਰਲੇ ਰਾਜਾਂ ਨਾਲ ਸਬੰਧਤ ਹਨ। ਇਸੇ ਦੌਰਾਨ ਪਟਿਆਲਾ ਜਿਲ੍ਹੇ ਵਿਚ ਅੱਜ ਕਰੋਨਾ ਦੇ 676 ਨਵੇਂ ਮਰੀਜ਼ ਵੀ ਸਾਹਮਣੇ ਆਏ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹਾ ਸੰਗਰੂਰ ’ਚ ਛੇ ਔਰਤਾਂ ਸਣੇ 12 ਕਰੋਨਾ ਪੀੜ੍ਹਤ ਮਰੀਜ਼ਾਂ ਦੀ ਮੌਤ ਹੋਈ ਹੈ। ਅੱਜ ਕਰੋਨਾ ਤੋਂ ਪੀੜਤ 244 ਨਵੇਂ ਮਰੀਜ਼ ਸਾਹਮਣੇ ਆਏ ਹਨ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਜ਼ਿਲ੍ਹੇ ’ਚ 12 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ਮਰੀਜ਼ਾਂ ਵਿਚ ਬਲਾਕ ਲੌਂਗੋਵਾਲ ਦੇ 44 ਸਾਲਾ ਵਿਅਕਤੀ, 50 ਸਾਲਾ ਵਿਅਕਤੀ ਅਤੇ 73 ਸਾਲਾ ਔਰਤ ਦੀ ਮੌਤ ਰਾਜਿੰਦਰਾ ਹਸਪਤਾਲ ਪਟਿਆਲਾ , ਬਲਾਕ ਧੂਰੀ ਦੀ 52 ਸਾਲਾ ਔਰਤ ਦੀ ਮੌਤ ਸਿਵਲ ਹਸਪਤਾਲ ਸੰਗਰੂਰ, ਬਲਾਕ ਸੁਨਾਮ ਦੇ 70 ਸਾਲਾ ਵਿਅਕਤੀ ਦੀ ਮੌਤ ਰਾਜਿੰਦਰਾ ਹਸਪਤਾਲ , ਬਲਾਕ ਸੰਗਰੂਰ ਦੀ 26 ਸਾਲਾ ਲੜਕੀ ਦੀ ਮੌਤ ਓਸਵਾਲ ਹਸਪਤਾਲ ਲੁਧਿਆਣਾ, ਬਲਾਕ ਸੰਗਰੂਰ ਦੀ 60 ਸਾਲਾ ਔਰਤ ਦੀ ਮੌਤ ਸੰਗਰੂਰ, ਬਲਾਕ ਲੌਂਗੋਵਾਲ ਦੇ 75 ਸਾਲਾ ਵਿਅਕਤੀ ਦੀ ਮੌਤ ਮਿਲਟਰੀ ਹਸਪਤਾਲ ਪਟਿਆਲਾ, ਬਲਾਕ ਅਹਿਮਦਗੜ੍ਹ ਦੇ 62 ਸਾਲਾ ਵਿਅਕਤੀ ਦੀ ਮੌਤ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ’ਚ, ਬਲਾਕ ਸ਼ੇਰਪੁਰ ਦੀ 60 ਸਾਲਾ ਔਰਤ ਦੀ ਮੌਤ ਰਾਜਿੰਦਰਾ ਹਸਪਤਾਲ, ਬਲਾਕ ਮਾਲੇਰਕੋਟਲਾ ਦੀ 67 ਸਾਲਾ ਔਰਤ ਅਤੇ ਬਲਾਕ ਸ਼ੇਰਪੁਰ ਦੇ 75 ਸਾਲਾ ਵਿਅਕਤੀ ਦੀ ਮੌਤ ਰਾਜਿੰਦਰਾ ਹਸਪਤਾਲ ’ਚ ਹੋਈ ਹੈ।
ਸਿੰਗਲਾ ਨੇ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਨਿਯਮਤ ਪੱਧਰ ’ਤੇ ਕੇਂਦਰ ਸਰਕਾਰ ਨੂੰ ਸੂਬੇ ਦੀਆਂ ਲੋੜਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਨੇ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਲਈ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।