ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਫਰਵਰੀ
ਸਿਆਸੀ ਸਰਗਰਮੀਆਂ ਵਿੱਚ ਸ਼ਾਮਲ ਪਾਏ ਜਾਣ ’ਤੇ ਕੋਆਪ੍ਰੇਟਿਵ ਬੈਂਕ ਦੀ ਬਰਾਂਚ ਆਫ਼ਿਸ ਸੰਗਰੂਰ ਦੇ ਸੀ.ਡੀ.ਈ.ਓ. ਨੂੰ ਬੈਂਕ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਬੈਂਕ ਦੇ ਜ਼ਿਲ੍ਹਾ ਮੈਨੇਜਰ ਵੱਲੋਂ ਜਾਰੀ ਮੁਅੱਤਲੀ ਹੁਕਮਾਂ ਮੁਤਾਬਕ ਕੋਆਪ੍ਰੇਟਿਵ ਬੈਂਕ ਦੇ ਸੀ.ਡੀ.ਈ.ਓ. ਵਿਕਰਮਦੀਪ ਸਿੰਘ ਨੂੰ ਵਿਧਾਨ ਸਭਾ ਚੋਣਾਂ-2002 ਦੇ ਮੱਦੇਨਜ਼ਰ ਲਾਗੂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਵਿਕਰਮਦੀਪ ਸਿੰਘ ਨੂੰ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਹੈ ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਮੁਅੱਤਲੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੁਅੱਤਲੀ ਸਮੇਂ ਕਰਮਚਾਰੀ ਦਾ ਹੈੱਡ ਕੁਆਰਟਰ ਬਰਾਂਚ ਆਫਿਸ ਲਹਿਰਾਗਾਗਾ ਤੈਅ ਕੀਤਾ ਜਾਂਦਾ ਹੈ ਅਤੇ ਕਰਮਚਾਰੀ ਸਮਰੱਥ ਅਧਿਕਾਰੀ ਦੀ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਆਪਣਾ ਹੈੱਡ ਕੁਆਰਟਰ ਨਹੀਂ ਛੱਡ ਸਕੇਗਾ।
ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਨੇ ਚੋਣ ਕਾਰਜਾਂ ਵਿੱਚ ਜੁਟੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਨੂੰ ਸਹਿਯੋਗ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਹੋਵੇਗੀ।
ਬਿਨਾਂ ਮਨਜ਼ੂਰੀ ਚੋਣ ਪ੍ਰਚਾਰ ਕਰਦੇ ਪੰਜ ਹੋਰ ਵਾਹਨ ਕਾਬੂ
ਬਿਨਾਂ ਪ੍ਰਵਾਨਗੀ ਤੋਂ ਦੋ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਮਾਮਲੇ ਵਿੱਚ ਪੰਜ ਹੋਰ ਵਾਹਨ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਾਹਨਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਕਾਬੂ ਕਰਕੇ ਪੁਲੀਸ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ। ਇਹ ਜਾਣਕਾਰੀ ਸੰਗਰੂਰ ਵਿਧਾਨ ਸਭਾ ਹਲਕੇ ਦੇ ਚੋਣ ਰਿਟਰਨਿੰਗ ਅਫ਼ਸਰ ਚਰਨਜੋਤ ਸਿੰਘ ਵਾਲੀਆ ਨੇ ਦਿੱਤੀ।