ਬੀਰਬਲ ਰਿਸ਼ੀ
ਸ਼ੇਰਪੁਰ, 17 ਸਤੰਬਰ
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸਣੇ ਹੋਰ ਹਲਕਿਆਂ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਨਹਿਰੀ ਪਾਣੀ ਦੀ ਲੜਾਈ ਨੂੰ ਅਮਲ ਤੱਕ ਪਹੁੰਚਾਉਣ ਲਈ ਆਪਣੀ ਜਥੇਬੰਦੀ ਦੀ ਸਾਰੀ ਸ਼ਕਤੀ ਲਾਉਂਦਿਆਂ ਲੋਕਾਂ ਨਾਲ ਹਿੱਕ ਡਾਹ ਕੇ ਖੜ੍ਹਨ ਦਾ ਐਲਾਨ ਕੀਤਾ। ਸ੍ਰੀ ਢੁੱਡੀਕੇ ਅੱਜ ਧੂਰੀ ਦੇ ਪਿੰਡ ਕਾਤਰੋਂ ਦੇ ਗੁਰਦੁਆਰਾ ਟਿੱਬੀ ਸਾਹਿਬ ਵਿੱਚ ਤਿੰਨ ਹਲਕਿਆਂ ਦੇ 40 ਪਿੰਡਾਂ ਦੇ ਕਿਸਾਨਾਂ ਵੱਲੋਂ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਕੀਤੀ ‘ਕਿਸਾਨ ਕਨਵੈਨਸ਼ਨ’ ਦੌਰਾਨ ਮੰਗ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲੈਣ ਮੌਕੇ ਜੁੜੇ ਸੈਂਕੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਕੇਕੇਯੂ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾਈ ਜਨਰਲ ਸਕੱਤਰ ਸਤਿਵੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਨਹਿਰੀ ਪਾਣੀ, ਧਰਤੀ ਹੇਠਲਾ ਪਾਣੀ ਅਤੇ ਮੀਂਹ ਦਾ ਪਾਣੀ ਰਿਪੇਰੀਅਨ ਕਾਨੂੰਨ ਨੂੰ ਸ਼ਿੱਕੇ ਟੰਗ ਕੇ 51 ਪ੍ਰਤੀਸ਼ਤ ਪਾਣੀ ਬਿਨਾਂ ਕਿਸੇ ਇਵਜ਼ਾਨੇ ਦੇ ਨਾਲ ਲੱਗਦੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਹੁਣ ਇੱਕ ਹੋਰ ਸੂਬੇ ਨੂੰ 25 ਪ੍ਰਤੀਸ਼ਤ ਪਾਣੀ ਦੇਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤੇ ਪੰਜਾਬ ਦੇ ਹਿੱਸੇ ਫੈਕਟਰੀਆਂ ਦਾ 24 ਪ੍ਰਤੀਸ਼ਤ ਗੰਦਾ ਪਾਣੀ ਆਉਂਦਾ ਹੈ ਜੋ ਪੀਣਯੋਗ ਨਹੀਂ। ਧਰਤੀ ਹੇਠਲਾ ਪਾਣੀ ਚੂਸਣ ਲਈ 15 ਲੱਖ ਟਿਊਬਵੈੱਲ ਲੱਗੇ ਹੋਏ ਹਨ। ਉਨ੍ਹਾਂ ਮੀਂਹ ਦੇ ਪਾਣੀਆਂ ਨੂੰ ਸਾਂਭਣ ਲਈ ਉਪਰਾਲੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਬੀਕੇਯੂ ਏਕਤਾ ਉਗਰਾਹਾਂ ਦੇ ਹਰਜੀਤ ਸਿੰਘ ਬਧੇਸਾ ਅਤੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਈਸਾਪੁਰ ਅਤੇ ਕਰਮਜੀਤ ਸਿੰਘ ਛੰਨਾ ਨੇ ਨਹਿਰੀ ਪਾਣੀ ਲਈ ਅਰੰਭੇ ਸੰਘਰਸ਼ ਨੂੰ ਡਟਵੀਂ ਹਮਾਇਤ ਦੇਣ ਦਾ ਐਲਾਨ ਕੀਤਾ, ਜਦੋਂਕਿ ਇਲਾਕੇ ਦੀਆਂ ਦਰਜਨਾਂ ਪੰਚਾਇਤਾਂ ਨੇ ਨਹਿਰੀ ਪਾਣੀ ਸਬੰਧੀ ਪਾਏ ਮਤੇ ਕਿਸਾਨ ਜਥੇਬੰਦੀ ਨੂੰ ਸੌਂਪੇ।ਨਾਇਬ ਤਹਿਸੀਲਦਾਰ ਭੁਪਿੰਦਰ ਸਿੰਘ ਨੇ ਕਾਤਰੋਂ ਕਨਵੈਨਸ਼ਨ ਵਿੱਚ ਪਹੁੰਚ ਕੇ ਖੁਦ ਮੰਗ ਪੱਤਰ ਪ੍ਰਾਪਤ ਕੀਤਾ। ਕਿਸਾਨ ਜਥੇਬੰਦੀ ਨੇ ਗੁਰਦੁਆਰਾ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਕੀਤੇ ਜਾਣ ਲਈ ਧੰਨਵਾਦ ਕੀਤਾ।
ਕਿਸਾਨਾਂ ਦੀ ਮੀਟਿੰਗ 20 ਨੂੰ
ਕੇਕੇਯੂ ਯੂਥ ਵਿੰਗ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਕੇਕੇਯੂ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਐਲਾਨ ਕੀਤਾ ਕਿ 8 ਅਕਤੂਬਰ ਨੂੰ 40 ਪਿੰਡਾਂ ਦੇ ਲੋਕ ਆਪਣੇ ਵਹੀਕਲਾਂ ’ਤੇ ਵੱਡੇ ਕਾਫ਼ਲੇ ਦੇ ਰੂਪ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਮੰਗ ਪੱਤਰ ਦੇਣਗੇ ਜਿਸਦੀ ਤਿਆਰੀ ਲਈ 20 ਅਕਤੂਬਰ ਨੂੰ ਰੂੜਗੜ੍ਹ ਵਿੱਚ 40 ਪਿੰਡਾਂ ਦੇ ਚੋਣਵੇਂ ਕਿਸਾਨਾਂ ਦੀ ਮੀਟਿੰਗ ਸੱਦੀ ਗਈ ਹੈ।