ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਜੁਲਾਈ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਵਲੋਂ ਐਮਰਜੈਂਸੀ ਦੀ ਵਰੇਗੰਢ ਮੌਕੇ ਦਬੇ-ਕੁਚਲੇ ਲੋਕਾਂ ਲਈ ਸੰਘਰਸ਼ ਕਰਨ ਵਾਲੇ ਤੇ ਜਮਹੂਰੀ ਅਧਿਕਾਰਾਂ ਦਾ ਪੱਖ ਪੂਰਨ ਵਾਲੇ ਸਟੈਨ ਸਵਾਮੀ ਨੂੰ ਸਮਰਪਿਤ ਇਕ ਕਨਵੈਨਸ਼ਨ ਕਰਾਈ ਗਈ। ਇਸ ਮੌਕੇ ਜਗਮੋਹਨ ਸਿੰਘ, ਸਵਰਨਜੀਤ ਸਿੰਘ, ਵਿਸ਼ਵ ਕਾਂਤ, ਕੁਲਦੀਪ ਸਿੰਘ, ਅਤੇ ਜਗਜੀਤ ਭੁਟਾਲ ਹਾਜ਼ਰ ਸਨ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਅੰਗਰੇਜ਼ ਹਾਕਮਾਂ ਵਲੋਂ ਦੇਸ਼ ਦੇ ਲੋਕਾਂ ਨੂੰ ਧਰਮ ਅਤੇ ਜਾਤ ਦੇ ਆਧਾਰ ’ਤੇ ਵੰਡਿਆ ਗਿਆ ਸੀ। ਜਦੋਂ 9 ਅਪ੍ਰੈਲ 1919 ਨੂੰ ਲੋਕਾਂ ਨੇ ਹਾਕਮਾਂ ਦੀਆਂ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਨੂੰ ਬੇਪਰਦ ਕਰਦੇ ਹੋਏ ਰਾਮ ਨੌਮੀ ਸਾਰੇ ਧਰਮਾਂ ਦੇ ਲੋਕਾਂ ਵਲੋਂ ਸਾਂਝੇ ਤੌਰ ’ਤੇ ਮਨਾਈ ਗਈ ਤਾਂ ਹਾਕਮ ਘਬਰਾ ਗਏ। ਉਨ੍ਹਾਂ ਕਿਹਾ ਕਿ ਅੱਜ ਦੇ ਹਾਕਮ ਆਪਣੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਬੁੱਧੀਜੀਵੀਆਂ, ਵਕੀਲਾਂ, ਪੱਤਰਕਾਰਾਂ, ਜਮਹੂਰੀ ਅਧਿਕਾਰ ਕਾਰਕੁਨਾਂ ਉਪਰ ਝੂਠੇ ਕੇਸ ਪਾ ਕੇ ਜੇਲ੍ਹਾਂ ਵਿਚ ਬੰਦ ਕਰ ਰਹੇ ਹਨ। ਤੀਸਤਾ ਸੀਤਲਵਾੜ ਤੇ ਮੁਹੰਮਦ ਜ਼ੁਬੈਰ ਦੀਆਂ ਗ੍ਰਿਫ਼ਤਾਰੀਆਂ ਨੇ ਹਾਕਮਾਂ ਦੇ ਚਿਹਰੇ ਦਾ ਨਕਾਬ ਬੇਪਰਦ ਕਰ ਦਿੱਤਾ ਹੈ। ਇਸ ਮੌਕੇ ਹੋਰਨਾਂ ਅਹੁਦੇਦਾਰਾਂ ਨੇ ਵੀ ਸੰਬੋਧਨ ਕੀਤਾ। ਰਾਜਿੰਦਰ ਰਾਜਨ, ਜਗਦੀਸ਼ ਪਾਪੜਾ ਅਤੇ ਕੁਲਵਿੰਦਰ ਬੰਟੀ ਵਲੋਂ ਲੋਕ ਪੱਖੀ ਸਭਿਆਚਾਰਕ ਗੀਤ ਪੇਸ਼ ਕੀਤੇ ਗਏ। ਕਨਵੈਨਸ਼ਨ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਬਿਮਲ ਕੌਰ, ਪ੍ਰਗਟ ਸਿੰਘ ਕਾਲਾਝਾੜ, ਬੱਬਲੀ ਅਟਵਾਲ, ਰੋਹੀ ਸਿੰਘ, ਦਰਸ਼ਨ ਕੁਨਰਾਂ, ਬਲਵੀਰ ਚੰਦ ਲੌਂਗੋਵਾਲ ਸ਼ਾਮਲ ਹੋਏੇ।