ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 26 ਦਸੰਬਰ
ਐਂਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਸਰਕਲ ਸੰਗਰੂਰ ਅਤੇ ਬਰਨਾਲਾ ਅੰਦਰ ਪਿਛਲੇ ਸਮੇਂ ਅੰਦਰ ਸਦੀਵੀ ਵਿਛੋੜਾ ਦੇ ਗਏ ਆਗੂਆਂ/ਵਰਕਰਾਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਨੋਡਲ ਸੈਂਟਰ 66 ਕੇ.ਵੀ. ਗਰਿੱਡ ਮਾਲੇਰਕੋਟਲਾ ਵਿੱਚ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਵਿਛੜ ਚੁੱਕੇ ਆਗੂਆਂ/ਵਰਕਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਥੇਬੰਦੀ ਦੇ ਮੁੱਖ ਉਦੇਸ਼ ਅਨੁਸਾਰ ਵਰਕਰਾਂ ਦਾ ਬੌਧਿਕ ਪੱਧਰ ਉੱਚਾ ਚੁੱਕਣ ਲਈ ਇਸ ਮੌਕੇ ਚੇਤਨਾ ਕਨਵੈਨਸ਼ਨ ਕਰਵਾਈ ਗਈ। ਇਸ ਚੇਤਨਾ ਕਨਵੈਨਸ਼ਨ ਵਿੱਚ ‘ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ ਜਥੇਬੰਦੀਆਂ ਦਾ ਰੋਲ ਕੀ ਹੋਵੇ’ ਵਿਸ਼ੇ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਹਾਲਾਤ ਕਾਰਪੋਰੇਟ ਸੈਕਟਰ ਦੀ ਮੰਡੀ ਸੇਧਿਤ ਫ਼ਿਲਾਸਫ਼ੀ ਕਾਰਨ ਬਣੇ ਹਨ। ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੀ ਕਾਰਪੋਰੇਟ ਸੈਕਟਰ ਦੀ ਫ਼ਿਲਾਸਫ਼ੀ ਕਾਰਨ ਬਹੁਤ ਸਮੱਸਿਆਵਾਂ ਪੈਦਾ ਹੋਈਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਸੰਘਰਸ਼ ਕਰਕੇ ਰੱਦ ਕਰਵਾਏ ਕਾਲੇ ਕਾਨੂੰਨ ਕਾਰਪੋਰੇਟ ਸੈਕਟਰ ਨੂੰ ਦਿੱਤੀ ਗਈ ਵੱਡੀ ਚੁਣੌਤੀ ਹੈ। ਇਸ ਤੋਂ ਇਲਾਵਾ ਬਿਜਲੀ ਸੋਧ ਬਿੱਲ 2021, 44 ਕਿਰਤ ਕਾਨੂੰਨਾਂ ਦੀ ਥਾਂ 4 ਲੇਬਰ ਕੋਡ ਬਣਾਉਣਾ ਆਦਿ ਸਾਰੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਸਾਂਝੀ ਜੱਦੋ-ਜਹਿਦ ਦੀ ਜ਼ਰੂਰਤ ਹੈ। ਅੱਜ ਦੀ ਕਨਵੈਨਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੇਅ-ਰਿਵੀਜ਼ਨ ਲਾਗੂ ਨਾ ਕਰਨ ਅਤੇ ਵੱਖ-ਵੱਖ ਭੱਤਿਆਂ ਵਿੱਚ ਕੀਤੀਆਂ ਗਈਆਂ ਕਟੌਤੀਆਂ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਜਸਵੀਰ ਸਿੰਘ ਧਾਲੀਵਾਲ, ਅਸ਼ਵਨੀ ਕੁਮਾਰ, ਸੁਖਵੀਰ ਸਿੰਘ, ਵਿਕਰਮਜੀਤ ਸਿੰਘ, ਦਰਸ਼ਨ ਸਿੰਘ ਕੁਲਰੀਆਂ, ਜਸਪਾਲ ਸਿੰਘ ਖੁਰਮੀ, ਹਰਬੰਸ ਸਿੰਘ ਭੂਦਨ, ਗੁਰਮੀਤ ਸਿੰਘ, ਗੁਰਧੀਰ ਸਿੰਘ ਦਿੜ੍ਹਬਾ ਡਿਪਟੀ ਜਨਰਲ ਸਕੱਤਰ, ਚਮਕੌਰ ਸਿੰਘ, ਫਲਜੀਤ ਸਿੰਘ ਸਾਬਕਾ ਸਟੇਟ ਆਗੂ ਅਤੇ ਕੌਰ ਸਿੰਘ ਸੋਹੀ ਸੂਬਾ ਪ੍ਰਧਾਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਚਮਨਦੀਪ ਸਿੰਘ ਬਰਨਾਲਾ ਨੇ ਕੀਤਾ।