ਪੱਤਰ ਪ੍ਰੇਰਕ
ਭਵਾਨੀਗੜ੍ਹ, 17 ਮਈ
ਝੋਨੇ ਦੇ ਰੇਟ ਅਤੇ ਦਿਹਾੜੀ ਨੂੰ ਲੈ ਕੇ ਵੀਡੀਓ ਵਾਇਰਲ ਕਰਨ ਵਾਲੇ ਇੱਥੋਂ ਦੀ ਚਹਿਲਾਂ ਪੱਤੀ ਦੇ ਇਕ ਵਿਅਕਤੀ ਦਰਸ਼ਨ ਸਿੰਘ ਨੇ ਥਾਣਾ ਭਵਾਨੀਗੜ੍ਹ ਵਿੱਚ ਮਜ਼ਦੂਰਾਂ ਦੇ ਇਕੱਠ ਵਿੱਚ ਗਲਤੀ ਮਨ ਲਈ। ਇਸ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਪਿਛਲੇ ਦਿਨੀਂ ਚਹਿਲਾਂ ਪੱਤੀ ਵਾਸੀ ਦਰਸ਼ਨ ਸਿੰਘ ਵੱਲੋਂ ਇਕ ਵੀਡੀਓ ਵਾਇਰਲ ਕਰਕੇ ਮਜ਼ਦੂਰਾਂ ਨੂੰ ਝੋਨੇ ਦੀ ਲਵਾਈ ਦਾ ਰੇਟ ਪੈਂਤੀ ਸੌ ਰੁਪਏ ਤੈਅ ਕਰ ਕੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਮਜ਼ਦੂਰਾਂ ਨੂੰ ਇਸ ਦੀ ਉਲੰਘਣਾ ਕਰਨ ’ਤੇ ਵੱਟਾਂ ਤੋਂ ਚੜ੍ਹਨ ਤੋਂ ਰੋਕਣ ਦਾ ਵੀ ਫਰਮਾਨ ਜਾਰੀ ਕੀਤਾ ਸੀ ਜਿਸ ਦੇ ਖਿਲਾਫ ਮਜ਼ਦੂਰ ਜਥੇਬੰਦੀਆਂ ਵੱਲੋਂ ਲਿਖਤੀ ਰਿਪੋਰਟ ਦਰਜ ਕਰਵਾ ਕੇ ਭਾਈਚਾਰਕ ਸਾਂਝ ਤੋੜਨ ਵਾਲੇ ਇਸ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮਗਰੋਂ ਅੱਜ ਇੱਥੇ ਥਾਣੇ ਵਿੱਚ ਪੜ੍ਹੋ ਜੁੜੋ ਸੰਘਰਸ਼ ਕਰੋ ਯੂਥ ਕਲੱਬ ਭਵਾਨੀਗੜ੍ਹ, ਦਿਹਾਤੀ ਮਜ਼ਦੂਰ ਸਭਾ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਦਰਸ਼ਨ ਸਿੰਘ ਨੇ ਆਪਣੀ ਗ਼ਲਤੀ ਦਾ ਅਹਿਸਾਸ ਕੀਤਾ ਅਤੇ ਅੱਗੇ ਤੋਂ ਭਾਈਚਾਰਕ ਸਾਂਝ ਬਣਾ ਕੇ ਰੱਖਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਹਾਜ਼ਰ ਮਜ਼ਦੂਰ ਆਗੂਆਂ ਨੇ ਕਿਹਾ ਕਿ ਅੱਗੇ ਤੋਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਸਾਂਝੇ ਤੌਰ ’ਤੇ ਬੈਠ ਕੇ ਰੇਟ ਤੈਅ ਕਰਨੇ ਚਾਹੀਦੇ ਹਨ ਤਾਂ ਜੋ ਪਿੰਡਾਂ ਵਿਚ ਵਿਵਾਦ ਨਾ ਵਧ ਸਕਣ।