ਬੀਰਬਲ ਰਿਸ਼ੀ
ਸ਼ੇਰਪੁਰ, 14 ਫਰਵਰੀ
ਪਿੰਡ ਖੇੜੀ ਕਲਾਂ ’ਚ ਹਲਕਾ ਮਹਿਲ ਕਲਾਂ ਤੋਂ ‘ਆਪ’ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਦੇ ਸਮਰਥਕਾਂ ਤੇ ਵਿਰੋਧੀਆਂ ਦਰਮਿਆਨ ਹੋਈ ਤਕਰਾਰ ਦੇ ਮੱਦੇਨਜ਼ਰ ਅੱਜ ਸ਼ਾਮ ਪੰਡੋਰੀ ਚੋਣ ਰੈਲੀ ਕਰਨ ਲਈ ਪਿੰਡ ਦੇ ਰਵਿਦਾਸ ਚੌਕ ਵਿੱਚ ਪੁੱਜੇ ਤੇ ਲੋਕਾਂ ਨੂੰ ਮੁਖਾਤਬਿ ਹੋਏ। ਜਿਉਂ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੇ ਬੋਲਣਾ ਸ਼ੁਰੂ ਕੀਤਾ ਤਾਂ ਪਿੰਡ ਦੇ ਕੁਝ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਨੇ ਅੱਗੇ ਆ ਕੇ ਉਨ੍ਹਾਂ ਦੀ ਬਤੌਰ ਵਿਧਾਇਕ ਕਾਰਗੁਜ਼ਾਰੀ ਬਾਰੇ ਪੁੱਛਣਾ ਸ਼ੁਰੂ ਕੀਤਾ ਤਾਂ ਲੋਕਾਂ ਵੱਲੋਂ ਹੱਲਾ ਕਰਨ ’ਤੇ ਵਿਧਾਇਕ ਦੇ ਸਮਰਥਕ ਸਰਪੰਚ ਗੁਰਦੀਪ ਸਿੰਘ ਅਲੀਪੁਰ ਤੇ ਹੋਰ ਸਾਹਮਣੇ ਆ ਖੜ੍ਹੇ ਹੋਏ। ਅਨੁਸੂਚਿਤ ਜਾਤੀ ਨੌਜਵਾਨਾਂ ਦੇ ਪੱਖ ’ਚ ਡਟਦਿਆਂ ਮਜ਼ਦੂਰ ਆਗੂ ਗੁਰਪ੍ਰੀਤ ਸਿੰਘ ਖੇੜੀ ਨੇ ਕਿਹਾ ਕਿ ਸੁਆਲ ਪੁੱਛਣ ਵਾਲੇ ਨੌਜਵਾਨਾਂ ਨਾਲ ਹੱਥੋਪਾਈ ਕਰਨ ਤੋਂ ਮਾਮਲਾ ਵਧਿਆ ਹੈ ਜਦੋਂ ਕਿ ਉਨ੍ਹਾਂ ਵੱਲੋਂ ਸੁਆਲ ਪੁੱਛਣੇ ਜਾਇਜ਼ ਸਨ। ਉਧਰ ‘ਆਪ’ ਉਮੀਦਵਾਰ ਪੰਡੋਰੀ ਦੇ ਸਮਰਥਕ ਗੁਰਦੀਪ ਸਿੰਘ ਅਲੀਪੁਰ ਨੇ ਕਿਹਾ ਕਿ ਜ਼ਾਬਤੇ ’ਚ ਰਹਿ ਕੇ ਸੁਆਲ ਪੁੱਛਣ ਦੀ ਥਾਂ ਲਲਕਾਰੇ ਮਾਰ ਕੇ ਕੌਣ ਸੁਆਲ ਪੁੱਛਦਾ ਹੁੰਦਾ? ਉਨ੍ਹਾਂ ਦਾਅਵਾ ਕੀਤਾ ਕਿ ਇਸ ਰੌਲੇ ਰੱਪੇ ਮਗਰੋਂ ਸ੍ਰੀ ਪੰਡੋਰੀ ਨੇ ਪਿੰਡ ਛੱਡ ਕੇ ਜਾਣ ਦੀ ਥਾਂ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਵੱਲੋਂ ਪੂਰਨ ਸਹਿਯੋਗ ਮਿਲਿਆ। ਦੂਜੇ ਪਾਸੇ ‘ਆਪ’ ਸਮਰਥਕ ਸਰਪੰਚ ਗੁਰਦੀਪ ਸਿੰਘ ਅਲੀਪੁਰ ਨੇ ਹਲਕਾ ਮਹਿਲ ਕਲਾਂ ਤੋਂ ਕਾਂਗਰਸੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਨੂੰ ਪਿੰਡ ਅਲੀਪੁਰ ਖਾਲਸਾ ’ਚ ਲੋਕਾਂ ਸਾਹਮਣੇ ਆ ਕੇ ਦਿੱਤੀਆਂ ਗ੍ਰਾਂਟਾਂ ਬਾਰੇ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੈ।