ਬੀਰਬਲ ਰਿਸ਼ੀ
ਸ਼ੇਰਪੁਰ, 22 ਅਕਤੂਬਰ
ਪ੍ਰੈਸ ਕਲੱਬ ਸ਼ੇਰਪੁਰ ਵੱਲੋਂ ਇੱਥੇ ਮਹਾਰਾਜਾ ਪੈਲੇਸ ਵਿਖੇ ਮਰਹੂਮ ਪੱਤਰਕਾਰ ਰਜਿੰਦਰਜੀਤ ਸਿੰਘ ਕਾਲਾਬੂਲਾ ਦੀ ਯਾਦ ਨੂੰ ਸਰਮਪਿਤ ‘ਪੱਤਰਕਾਰੀ ਦੇ ਸਮਾਜਿਕ ਸਰੋਕਾਰ ਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਜਨਤਕ ਜਥੇਬੰਦੀਆਂ ਦੇ ਆਗੂਆਂ, ਧਾਰਮਿਕ ਸ਼ਖਸੀਅਤਾਂ, ਰਾਜਸੀ ਆਗੂਆਂ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਮੁੱਖ ਬੁਲਾਰੇ ਵਜੋਂ ਬੋਲਦਿਆਂ ਸੀਨੀਅਰ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ ਨੇ ਕਿਹਾ ਕਿ ਕਾਰਪੋਰੇਟ ਦਾ ਵਿਕਾਸ ਮਾਡਲ ਦੁਨੀਆ ਦਾ ਵਿਕਾਸ ਮਾਡਲ ਕਦੇ ਵੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅੱਜ ਮੀਡੀਆ ਤੇ ਪੱਤਰਕਾਰਤਾ ਨੂੰ ਬਚਾਉਣ ਲਈ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਦੇਣਾ ਪਵੇਗਾ ਕਿਉਂਕਿ ਕਾਰਪੋਰੇਟ ਘਰਾਣਿਆਂ ਵੱਲੋਂ ਹੁਣ ਮੀਡੀਆ ਉੱਪਰ ਕਾਬਜ਼ ਹੋਣ ਵੱਲ ਤੇਜ਼ੀ ਨਾਲ ਕਦਮ ਵਧਾਏ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਪ੍ਰੈਸ ਕਲੱਬ ਸੇਰਪੁਰ ਵੱਲੋਂ ਮਰਹੂਮ ਪੱਤਰਕਾਰ ਰਜਿੰਦਰਜੀਤ ਸਿੰਘ ਦੇ ਪਰਿਵਾਰ ਦਾ ਸਨਮਾਨ ਕੀਤਾ। ਕਲੱਬ ਪ੍ਰਧਾਨ ਬੀਰਬਲ ਰਿਸ਼ੀ ਨੇ ਕਾਲਾਬੂਲਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪ੍ਰੈਸ ਕਲੱਬ ਦੀ ਇਮਾਰਤ ਵਿੱਚ ਲਾਇਰਬ੍ਰੇਰੀ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਜਦੋਂ ਕਿ ਵਿਧਾਇਕ ਖੰਗੂੜਾ ਨੇ ਪ੍ਰੈਸ ਕਲੱਬ ਦੀ ਜਗ੍ਹਾ ’ਚ ਸੈਮੀਨਾਰ ਹਾਲ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਸਮਾਗਮ ਵਿੱਚ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ, ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸੰਤ ਬਾਬਾ ਜਗਜੀਤ ਸਿੰਘ ਕਲੇਰਾਂ ਵਾਲੇ, ਸੰਤ ਬਾਬਾ ਹਾਕਮ ਸਿੰਘ ਗੰਡੇਵਾਲ, ਸਿੱਖ ਬੁੱਧੀਜੀਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਬਸਪਾ ਆਗੂ ਚਮਕੌਰ ਸਿੰਘ ਬੀਰ, ਹੋਪ ਫਾਰ ਮਹਿਲ ਕਲਾਂ ਕੁਲਵੰਤ ਟਿੱਬਾ, ਸੀਨੀਅਰ ਪੱਤਰਕਾਰ ਫਤਿਹ ਪ੍ਰਭਾਕਰ, ਡੀਐਸਪੀ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।