ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਜੁਲਾਈ
ਪੰਜਾਬ ਕਲਾ ਪਰਿਸ਼ਦ ਦੇ ਪ੍ਰਧਾਨ ਸੁਰਜੀਤ ਪਾਤਰ ਅਤੇ ਸਕੱਤਰ ਲਖਵਿੰਦਰ ਜੌਹਲ ਨੇ ਸਾਂਝੇ ਤੌਰ ’ਤੇ ਸਥਾਨਕ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਨਸ਼ਾ ਮੁਕਤ ਹੋਣ ਲਈ ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਡਿੱਗ ਕੇ ਫਿਰ ਉਠਣਾ ਅਤੇ ਮੁਸ਼ਕਲਾਂ ਦੇ ਬਾਵਜੂਦ ਸਫਰ ਜਾਰੀ ਰੱਖਣਾ ਬਹਾਦਰੀ ਦਾ ਕੰਮ ਹੈ। ਡਾ. ਸੁਰਜੀਤ ਪਾਤਰ ਅਤੇ ਡਾ. ਲਖਵਿੰਦਰ ਜੌਹਲ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਬੁਰਾਈਆਂ ਤੋਂ ਖਹਿੜਾ ਛੁਡਵਾ ਕੇ ਚੰਗੇ ਰਸਤੇ ’ਤੇ ਤੁਰਦਿਆਂ, ਆਪਣੀ ਜ਼ਿੰਦਗੀ ਪ੍ਰਤੀ ਗੰਭੀਰ ਹੋ ਕੇ ਭਵਿੱਖ ਦੇ ਸੁਪਨੇ ਪੂਰੇ ਕਰਨ ਲਈ ਯਤਨਸ਼ੀਲ ਹੋਣਾ ਬਹਾਦਰੀ ਦਾ ਕੰਮ ਹੈ। ਉਨ੍ਹਾਂ ਨੇ ਨਸ਼ਾ ਛੁਡਾਊ ਕੇਂਦਰ ਦੀ ਸ਼ਾਨਦਾਰ ਕਾਰਗੁਜ਼ਾਰੀ ’ਤੇ ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ ਮੋਹਨ ਸ਼ਰਮਾ ਦੀ ਅਗਵਾਈ ਵਿੱਚ ਕੰਮ ਕਰ ਰਹੇ ਸਮੁੱਚੇ ਸਟਾਫ ਨੂੰ ਮੁਬਾਰਕਬਾਦ ਦਿੱਤੀ।
ਕੇਂਦਰ ਦੇ ਨਿਰਦੇਸ਼ਕ ਮੋਹਨ ਸ਼ਰਮਾ ਨੇ ਪ੍ਰਗਟਾਵਾ ਕੀਤਾ ਕਿ ਨਸ਼ੱਈ ਮਰੀਜ਼ਾਂ ਦਾ ਇਲਾਜ ਦੁਆ ਅਤੇ ਦਵਾਈ ਦੇ ਸੁਮੇਲ ਰਾਹੀਂ ਧਰਮ, ਸਾਹਿਤ, ਕਿਰਤ ਅਤੇ ਯੋਗ ਕਿਰਿਆਵਾਂ ਰਾਹੀਂ ਅਮਲੀ ਸਿੱਖਿਆ ਦੇ ਕੇ ਕੀਤਾ ਜਾਂਦਾ ਹੈ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਸਮੁੱਚੇ ਸਟਾਫ ਵਜੋਂ ਹਰ ਸੰਭਵ ਯਤਨ ਕੀਤਾ ਜਾਂਦਾ ਹੈ।
ਦੋਵਾਂ ਸ਼ਖ਼ਸੀਅਤਾਂ ਨੇ ਸੰਸਥਾ ਨੂੰ ਹਰ ਸੰਭਵ ਮੱਦਦ ਦੇਣ ਦਾ ਐਲਾਨ ਕਰਦਿਆਂ ਸੰਸਥਾ ਲਈ ਪੁਸਤਕਾਂ ਅਤੇ ਆਰਟਿਸਟ ਭੇਜਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਡਾ. ਸੁਰਜੀਤ ਪਾਤਰ ਅਤੇ ਡਾ. ਲਖਵਿੰਦਰ ਜੌਹਲ ਦਾ ਸਵਾਗਤ ਕਰਨ ਵਾਲਿਆਂ ਵਿੱਚ ਪਰਮਜੀਤ ਸਿੰਘ, ਨਾਇਬ ਸਿੰਘ, ਨੀਰੂ ਬਾਲਾ, ਸਿਮਰਨਪ੍ਰੀਤ ਕੌਰ, ਸ਼ੰਕਰ ਸਿੰਘ, ਨਿਰਭੈ ਸਿੰਘ, ਸੁਰੇਸ਼ ਕੁਮਾਰ, ਜੱਗਾ ਸਿੰਘ ਤੇ ਜਗਦੇਵ ਸਿੰਘ ਆਦਿ ਸ਼ਾਮਿਲ ਸਨ।