ਪੱਤਰ ਪ੍ਰੇਰਕ
ਲਹਿਰਾਗਾਗਾ, 19 ਜਨਵਰੀ
ਇਥੇ ਲੋਕ ਚੇਤਨਾ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੀ ਖਾਈ ਬਸਤੀ ਵਿੱਚ ਬਣੀ ਪਾਵਰਕੌਮ ਦੀ ਦਿਹਾਤੀ ਦਫ਼ਤਰ ਦੀ ਇਮਾਰਤ ਨੂੰ ਤਿੰਨ ਦਹਾਕੇ ਪਹਿਲਾਂ ਅਸੁਰੱਖਿਅਤ ਕਰਾਰ ਦੇਣ ਮਗਰੋਂ ਬੰਦ ਕਰ ਦਿੱਤਾ ਸੀ। ਇਸ ਦਾ ਕਾਫੀ ਹਿੱਸਾ ਢਾਹੁਣ ਮਗਰੋਂ ਨਵੀਂ ਉਸਾਰੀ ਦਾ ਕੰਮ ਚਾਲੂ ਨਾ ਹੋਣ ਕਾਰਨ ਬਿਜਲੀ ਕਰਮਚਾਰੀ ਅਤੇ ਖਪਤਕਾਰ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਕਰੀਬ ਸਾਢੇ ਚਾਰ ਵਰ੍ਹੇ ਪਹਿਲਾਂ ਪਾਵਰਕੌਮ ਨੇ ਇਸ ਦਫ਼ਤਰ ਦੀ ਇਮਾਰਤ ਨੂੰ ਮੁੜ ਉਸਾਰਨ ਦਾ ਫ਼ੈਸਲਾ ਕੀਤਾ ਸੀ ਪਰ ਅੱਜ ਤੱਕ ਇਮਾਰਤ ਨੂੰ ਚੰਗੀ ਤਰ੍ਹਾਂ ਢਾਹੁਣ ਅਤੇ ਮੁੜ ਉਸਾਰੀ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਪਾਵਰਕੌਮ ਵਿਭਾਗ ਨੇ ਮੁੜ ਟੈਂਡਰ ਨਹੀਂ ਦਿੱਤੇ। ਉਧਰ ਐਂਪਲਾਈਜ਼ ਫੈਡਰੇਸ਼ਨ ਦੇ ਡਿਵੀਜ਼ਨ ਪ੍ਰਧਾਨ ਰਾਮਚੰਦਰ ਸਿੰਘ ਖਾਈ, ਹਰਜਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਦਿਹਾਤੀ ਦਫ਼ਤਰ ਲੰਬੇ ਸਮੇਂ ਤੋਂ ਸ਼ਹਿਰ ਦੇ ਬਾਹਰ ਇੱਕ ਕਲੋਨੀ ’ਚ ਚੌਖੇ ਕਿਰਾਏ ’ਤੇ ਇੱਕ ਕੋਠੀ ’ਚ ਚੱਲ ਰਿਹਾ ਹੈ। ਇਸ ਮਸਲੇ ਬਾਰੇ ਪਾਵਰਕੌਮ ਦੇ ਐਕਸੀਅਨ ਨੇ ਦੱਸਿਆ ਕਿ ਨਵੀਂ ਪੁਰਾਣੀ ਇਮਾਰਤ ਢਾਹ ਕੇ ਨਵੀਂ ਬਣਾਉਣ ਦਾ ਮਸਲਾ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜਿਆ ਹੋਇਆ ਹੈ।