ਪੱਤਰ ਪ੍ਰੇਰਕ
ਲਹਿਰਾਗਾਗਾ, 2 ਮਾਰਚ
ਸਹਿਕਾਰੀ ਦੱਧ ਕੰਪਨੀਆਂ ਅਮੂਲ ਅਤੇ ਵੇਰਕਾ ਆਦਿ ’ਤੇ ਦੁੱਧ ਦੇ ਰੇਟ ਦੋ ਰੁਪਏ ਕਿੱਲੋ ਵਧਾਏ ਜਾਣ ਕਰਕੇ, ਜਿਥੇ ਖਪਤਕਾਰਾਂ ਦਾ ਬਜਟ ਵਿਗੜ ਗਿਆ ਹੈ, ਉਥੇ ਦੁੱਧ ਉਤਪਾਦਕ ਪਸ਼ੂ ਰੱਖਣ ਕਰਕੇ ਖਰਚੇ ਵੱਧਣ ਕਾਰਨ ਪ੍ਰੇਸ਼ਾਨ ਹਨ। ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਕੰਪਨੀਆਂ ਨੇ ਦੋ ਰੁਪਏ ਕਿੱਲੋ ਦੁੱਧ ਦੇ ਰੇਟ ਵਧਾ ਦਿੱਤੇ ਹਨ ਪਰ ਉਤਪਾਦਕਾਂ ਨੂੰ ਅਜੇ ਵੀ ਉਹੀ ਪੁਰਾਣਾ ਰੇਟ ਮਿਲ ਰਿਹਾ ਹੈ। ਡੇਅਰੀਆਂ ਵਾਲੇ ਦੁੱਧ ਉਤਪਾਦਕਾਂ ਤੋਂ ਦੁੱਧ 30-35 ਰੁਪਏ ਕਿੱਲੋ ਲੈ ਕੇ 52 ਰੁਪਏ ਤੋਂ ਉੱਪਰ ਵੇਚ ਰਹੇ ਹਨ। ਰਾਏਧੜਾਣਾ ਦੇ ਦੱਧ ਉਤਪਾਦਕ ਮੱਘਰ ਸਿੰਘ ਕਲੇਰ, ਲਹਿਲਕਲਾਂ ਦੇ ਕਿਸਾਨ ਮੁਖਤਿਆਰ ਸਿੰਘ, ਗੋਬਿੰਦਰ ਸਿੰਘ, ਪਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਦੁੱਧ ਦੀ ਫੈਟ ਦਾ ਰੇਟ 6 ਰੁਪਏ 70 ਪੈਸੇ ਮਿਲਦਾ ਹੈ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਹਰੇ ਚਾਰੇ, ਫੀਡ-ਖਲ ਵੜੇਵੇਂ ਆਦਿ ਦੇ ਰੇਟ ਪਹਿਲਾਂ ਨਾਲੋਂ ਦੁੱਗਣੇ ਹੋ ਚੁੱਕੇ ਹਨ। ਬੀਕੇਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਦਾ ਕਹਿਣਾ ਹੈ ਕਿ ਹੁਣ ਪਸ਼ੂ ਪਾਲਣ ਤੇ ਦੁੱਧ ਵੇਚਣ ਦਾ ਧੰਦਾ ਲਾਹੇਵੰਦ ਨਹੀਂ ਰਿਹਾ, ਜਦਕਿ ਦਸ ਕਿਲੋ ਦੁੱਧ ਦੇਣ ਵਾਲੀ ਇੱਕ ਮੱਝ/ਗਾਂ 70-80 ਹਜ਼ਾਰ ਦੀ ਮੁਸ਼ਕਲ ਨਾਲ ਮਿਲਦੀ ਹੈ ਅਤੇ ਉਨ੍ਹਾਂ ਨੂੰ 350-400 ਰੁਪਏ ਦੀ ਖੁਰਾਕ ਖਵਾਉਣ ਕਰਕੇ ਪਸ਼ੂ ਪਾਲਕ ਦੇ ਪੱਲੇ ਕੁਝ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਸਬਸਿਡੀ ’ਤੇ ਦਿੱਤੀ ਜਾਵੇ ਅਤੇ ਦੁੱਧ ਦਾ ਰੇਟ ਵੀ ਘੱਟੋ-ਘੱਟ 60 ਰੁਪਏ ਕਿਲੋ ਤੈਅ ਕੀਤਾ ਜਾਵੇ, ਤਾਂ ਜੋ ਕਿਸਾਨ ਸਹਾਇਕ ਧੰਦੇ ਵਜੋਂ ਦੁੱਧ ਦਾ ਉਤਪਾਦ ਕਰ ਸਕਣ।