ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਅਗਸਤ
ਸ਼ਹਿਰ ਦੀ ਪੂਨੀਆਂ ਕਲੋਨੀ ਦੇ ਵਸਨੀਕ ਮਨਧੀਰ ਸਿੰਘ ਦੇ ਘਰ ਵਿੱਚ 134 ਯੂਨਿਟ ਬਿਜਲੀ ਦੀ ਖਪਤ ਹੋਣ ਕਾਰਨ ਉਸਦੇ ਘਰ ਦਾ ਬਿਜਲੀ ਬਿਲ ਜ਼ੀਰੋ ਆਇਆ ਹੈ ਪਰੰਤੂ ਮਨਧੀਰ ਸਿੰਘ ਨੇ ਸਹਾਇਕ ਕਾਰਜਕਾਰੀ ਇੰਜਨੀਅਰ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਬਡਰੁੱਖਾਂ ਨੂੰ ਇੱਕ ਪੱਤਰ ਲਿਖ ਕੇ ਸਪੱਸ਼ਟ ਕੀਤਾ ਹੈ ਕਿ ਉਹ ਬਿਜਲੀ ਦੀ ਸਬਸਿਡੀ ਲੈ ਕੇ ਪੰਜਾਬ ਸਰਕਾਰ ’ਤੇ ਬੋਝ ਨਹੀਂ ਬਣਨਾ ਚਾਹੁੰਦਾ, ਉਸਨੂੰ ਮਿਲਣ ਵਾਲੀ ਸਬਸਿਡੀ ਬੰਦ ਕੀਤੀ ਜਾਵੇ ਅਤੇ ਉਸਨੂੰ ਖਪਤ ਹੋਈਆਂ ਬਿਜਲੀ ਯੂਨਿਟਾਂ ਦਾ ਬਿਲ ਭੇਜਿਆ ਜਾਵੇ। ਮਨਧੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਘਰ ਦੀ ਛੱਤ ਉਪਰ ਤਿੰਨ ਕਿਲੋਵਾਟ ਦਾ ਸੋਲਰ ਲਗਵਾਇਆ ਹੋਇਆ ਹੈ। ਉਸਦੇ ਘਰ ਦੀ ਬਿਜਲੀ ਦੀ ਕੁੱਲ ਪਖਤ 511 ਯੂਨਿਟ ਹੈ। ਸੋਲਰ ਵੱਲੋਂ ਪੈਦਾ ਕੀਤੀ ਬਿਜਲੀ ਖਪਤ ਕਰ ਕੇ ਉਸਨੇ ਬਿਜਲੀ ਵਿਭਾਗ ਦੀ 134 ਯੂਨਿਟ ਬਿਜਲੀ ਖਪਤ ਕੀਤੀ ਹੈ। ਸੋਲਰ ਲੱਗਾ ਹੋਣ ਕਾਰਨ ਉਸ ਦੇ ਘਰ ਦਾ ਬਿਜਲੀ ਬਿਲ ਇੱਕ ਮਹੀਨੇ ਦਾ ਆਉਂਦਾ ਹੈ।
ਪੰਜਾਬ ਸਰਕਾਰ ਵਲੋਂ ਇੱਕ ਮਹੀਨੇ ’ਚ 300 ਯੂਨਿਟ ਬਿਜਲੀ ਖਪਤ ਹੋਣ ਤੱਕ ਬਿਜਲੀ ਬਿਲ ਮੁਆਫ਼ ਹੈ। ਉਸਦੇ ਘਰ 134 ਯੂਨਿਟ ਖਪਤ ਹੋਣ ਕਾਰਨ ਬਿਜਲੀ ਬਿਲ ਜ਼ੀਰੋ ਆਇਆ ਹੈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਸਬ ਡਵੀਜ਼ਨ ਬਡਰੁੱਖਾਂ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਨੂੰ ਲਿਖਤੀ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਉਸਨੂੰ 134 ਯੂਨਿਟਾਂ ਦਾ ਬਿਜਲੀ ਬਿਲ ਭੇਜਿਆ ਜਾਵੇ।