ਰਵੇਲ ਸਿੰਘ ਭਿੰਡਰ
ਪਟਿਆਲਾ, 23 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਕਾਲਜਾਂ ਵਿੱਚ ਠੇਕੇ ’ਤੇ ਪੜ੍ਹ ਰਹੇ ਅਧਿਆਪਕਾਂ ਨੇ ਅੱਜ ਅਪਣੀਆਂ ਮੰਗਾਂ ਸਬੰਧੀ ਡੀਨ ਅਕਾਦਮਿਕ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਰੋਸ ਮੁਜਾਹਿਰਾ ਕੀਤਾ। ਇਸ ਤੋਂ ਬਾਅਦ ਅਧਿਆਪਕਾਂ ਨੇ ਯੂਨੀਵਰਸਿਟੀ ਕੈੱਪਸ ਵਿੱਚ ਰੈਲੀ ਵੀ ਕੀਤੀ। ਇਨ੍ਹਾਂ ਅਧਿਆਪਕਾਂ ਨੇ ਪਿਛਲੇ ਤਿੰਨ ਮਹੀਨੇ ਤੋਂ ਤਨਖਾਹਾਂ ਜਾਰੀ ਨਾ ਕਰਨ ਤੇ ਯੂਨੀਵਰਸਿਟੀ ਪ੍ਰਸਾਸਨ ਖ਼ਿਲਾਫ਼ ਅਪਣਾ ਰੋਸ ਜਾਹਿਰ ਕੀਤਾ ਤੇ ਪੰਜਾਬ ਸਰਕਾਰ ਦੇ ਘਰ ਘਰ ਰੁਜ਼ਗਾਰ ਦੇ ਵਾਅਦੇ ਨੂੰ ਯਾਦ ਕਰਵਾਉਂਦਿਆਂ ਰੈਗੂਲਰਾਈਜੇਸ਼ਨ ਦੀ ਵੀ ਮੰਗ ਕੀਤੀ। ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸਨ (ਪੁਕਟਾ) ਦੇ ਪ੍ਰਧਾਨ ਡਾ. ਲਵਦੀਪ ਸਰਮਾ ਨੇ ਧਰਨੇ ਨੂੰ ਸੰਬੋਧਨ ਦੌਰਾਨ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ ਹੈੇ। ਇੱਕ ਪਾਸੇ ਅਧਿਆਪਕਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਜਾਰੀ ਨਹੀਂ ਕੀਤੀ ਗਈ ਅਤੇ ਦੂਜੇ ਪਾਸੇ ਅਜਿਹੇ ਅਧਿਆਪਕਾਂ ਦੀ ਛਾਂਟੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹਰ ਦਿਨ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਜਿਹੇ ਪੱਤਰ ਜਾਰੀ ਕੀਤੇ ਜਾ ਰਹੇ ਹਨ ਜੋ ਅਧਿਆਪਕਾਂ ਉੱਪਰ ਦਬਾਅ ਵਧਾ ਰਹੇ ਹਨ। ਪੁਕਟਾ ਦੇ ਜਨਰਲ ਸਕੱਤਰ ਡਾ. ਦਲਵੀਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸਾਸਨ ਕੰਟਰੈਕਟ ਅਧਿਆਪਕਾਂ ਨੂੰ ਤਨਾਅ ਵਿੱਚ ਧਕੇਲ ਰਹੀ ਹੈ। ਇਨ੍ਹਾਂ ਨੂੰ ਤਨਖਾਹ ਸਮੇਂ ’ਤੇ ਨਹੀਂ ਦਿੱਤੀ ਜਾ ਰਹੀ ਤੇ ਨੌਕਰੀ ਵਿੱਚੋਂ ਕੱਢਣ ਦੀਆਂ ਜੁਗਤਾਂ ਲਾਈਆਂ ਜਾ ਰਹੀਆਂ ਹਨ। ਯੂਨੀਵਰਸਿਟੀ ਦੀਆਂ ਅਜਿਹੀਆਂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਾ. ਰੂਬੀ, ਡਾ. ਤਰਨਜੀਤ ਤੇ ਡਾ. ਰਣਜੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੰਬੇ ਸਮੇ ਤੋਂ ਪੇਂਡੂ ਖੇਤਰ ਵਿੱਚ ਪੜ੍ਹਾ ਰਹੇ ਇਨ੍ਹਾਂ ਅਧਿਆਪਕਾਂ ਨੂੰ ਰੈਗੁਲਰ ਕੀਤਾ ਜਾਵੇ।
ਕਾਂਸਟੀਚਿਊਟ ਕਾਲਜਾਂ ਲਈ ਅਕਾਦਮਿਕ ਉਪਰਾਲਾ
ਕਾਂਸਟੀਚਿਊਟ ਕਾਲਜਾਂ ਨੂੰ ਆਪਣੇ ਨਾਲ ਜੋੜਨ ਲਈ ਅਕਾਦਮਿਕ ਉਪਰਾਲਾ ਕੀਤਾ ਹੈ। ਯੂਨੀਰਿਸਟੀ ਨੇ ਲਾਇਬ੍ਰੇਰੀ ਵਿੱਚੋਂ ਕੁਝ ਕਿਤਾਬਾਂ, ਪੰਜਾਬੀ ਯੂਨੀਵਰਸਿਟੀ ਦੇ ਸਬੰਧਤ ਕਾਲਜਾਂ ਨੂੰ ਦੇਣ ਦਾ ਫੈਸਲਾ ਕੀਤਾ। ਇਸ ਦੀ ਪਹਿਲੀ ਅਦਾਇਗੀ, ਵਿਭਾਗ ਵੱਲੋਂ ਯੂਨੀਵਰਸਿਟੀ ਨਾਲ ਸਬੰਧਤ ਕਾਂਸਟੀਚਿਊਟ ਕਾਲਜ, ਬਰਨਾਲਾ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ, ਨੂੰ ਡੀਨ ਅਕਾਦਮਿਕ ਮਾਮਲੇ ਡਾ. ਪੁਸ਼ਪਿੰਦਰ ਸਿੰਘ ਗਿੱਲ ਤੇ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਸਤਿਨਾਮ ਸਿੰਘ ਸੰਧੂ ਰਾਹੀਂ ਵਿਭਾਗ ਦੇ ਡਿਪਟੀ ਲਾਇਬ੍ਰੇਰੀਅਨ ਡਾ. ਅਮਿਤ ਮਿੱਤਲ ਦੇ ਸਹਿਯੋਗ ਨਾਲ 5,000 ਪੁਸਤਕਾਂ ਦੇ ਕੇ ਸ਼ੁਰੂ ਕੀਤੀ ਹੈ। ਬਰਨਾਲਾ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਨਾਂ ਦੇ ਕਾਲਜ ’ਚ ਇਮਾਰਤ ਹੈ, ਅਲਮਾਰੀਆਂ ਹਨ ਪਰ ਵਿਦਿਆਰਥੀਆਂ ਲਈ ਪੁਸਤਕਾਂ ਨਹੀਂ। ਇਸ ਲਈ ਡਿਸਟੈਂਸ ਐਜੂਕੇਸ਼ਨ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਪੁਸਤਕਾਂ ਇਸ ਖਿੱਤੇ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਣਗੀਆਂ।