ਰਾਜਿੰਦਰ ਜੈਦਕਾ
ਅਮਰਗੜ੍ਹ, 16 ਫਰਵਰੀ
ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਅਤੇ ‘ਆਪ’ ਵਿਚ ਤਿਕੋਣਾ ਮੁਕਾਬਲਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਕਾਂਗਰਸ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਦੇ ਪੁੱਤਰ ਸਮਿਤ ਸਿੰਘ ਮਾਨ, ‘ਆਪ’ ਦੇ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸੰਯੁਕਤ ਸਮਾਜ ਮੋਰਚੇ ਦੇ ਸਤਵੀਰ ਸਿੰਘ ਸੀਰਾ ਬਨਭੌਰਾ ਤੋਂ ਇਲਾਵਾ ਭਾਜਪਾ, ਅਕਾਲੀ ਦਲ ਸੰਯੁਕਤ ਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਸਰਦਾਰ ਅਲੀ, ਬੀਬੀ ਸਤਵਿੰਦਰ ਕੌਰ ਆਜ਼ਾਦ, ਪੀਪਲਜ਼ ਪਾਰਟੀ ਆਫ਼ ਇੰਡੀਆ ਡੈਮੋਕਰੈਟਿਕ ਵੱਲੋਂ ਕਮਲਜੀਤ ਸਿੰਘ, ਜਗਪਾਲ ਸਿੰਘ, ਦਿਲਬਾਗ ਸਿੰਘ ਖੇੜੀਸੋਢੀਆਂ, ਅਮਰ ਸਿੰਘ ਭੁਰਥਲਾ ਮੰਡੇਰ, ਲਛਮਣ ਸਿੰਘ ਗੱਜਣਮਾਜਾਰਾ ਸਮੇਤ 12 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਅਤੇ ‘ਆਪ’ ਦੇ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਸਭ ਤੋਂ ਪਹਿਲਾਂ ਚੋਣ ਮੁਹਿੰਮ ਸ਼ੁਰੂ ਕਰਨ ਦਾ ਭਾਵੇਂ ਉਨ੍ਹਾਂ ਨੂੰ ਫਾਇਦਾ ਮਿਲ ਰਿਹਾ ਹੈ ਪਰ ਕਾਂਗਰਸ ਉਮੀਦਵਾਰ ਸਮਿਤ ਸਿੰਘ ਮਾਨ ਦੇ ਤੇਜ਼ੀ ਨਾਲ ਹੋ ਰਹੇ ਚੋਣ ਪ੍ਰਚਾਰ ਅਤੇ ਵਰਕਰਾਂ ਨੂੰ ਨਾਲ ਤੋਰਨ ਨਾਲ ਦੋਵੇਂ ਪਾਰਟੀ ਦੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਜਿੱਤ ਦੇ ਦਾਅਵੇ ਲਈ ਲਗਾਈਆਂ ਜਾ ਰਹੀਆਂ ਕਿਆਸ-ਅਰਾਈਆਂ ਨੂੰ ਬਰੇਕ ਲਗਾ ਦਿੱਤੀ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਜਿਥੇ ਅਕਾਲੀ ਦਲ ਤੇ ‘ਆਪ’ ਦੀ ਵੋਟ ਨੂੰ ਖੋਰਾ ਲਗਾ ਕੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਉਥੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸਤਵੀਰ ਸਿੰਘ ਸੀਰਾ ਦਾ ਕਾਫ਼ਲਾ ਵੀ ਕਿਸਾਨਾਂ ਨੂੰ ਨਾਲ ਜੋੜ ਕੇ ‘ਆਪ’ ਦੀਆਂ ਵੋਟਾਂ ਨੂੰ ਖੋਰਾ ਲਗਾਉਂਦਾ ਹੋਇਆ ਦਿਨੋ ਦਿਨ ਵਧਦਾ ਜਾ ਰਿਹਾ ਹੈ। ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਤੇ ਬਸਪਾ ਦੇ ਉਮੀਦਵਾਰ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਉਮੀਦਵਾਰ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਲਕੇ ਵਿਚ ਕੀਤੀਆਂ ਰੈਲੀਆਂ ਨੇ ਪਾਰਟੀ ਵਰਕਰਾਂ ਵਿਚ ਜੋਸ਼ ਭਰ ਦਿੱਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਂ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਹਲਕੇ ਵਿਚ ਰੈਲੀ ਨਾ ਕਰਨ ਕਰਕੇ ‘ਆਪ’ ਦੀ ਚੋਣ ਮੁਹਿੰਮ ਪਛੜ ਕੇ ਰਹਿ ਗਈ ਹੈ। ਨਿਰੋਲ ਪੇਂਡੂ ਹਲਕੇ ਅਮਰਗੜ੍ਹ ਵਿਚ ਦੋ ਸ਼ਹਿਰ ਅਮਰਗੜ੍ਹ ਤੇ ਅਹਿਮਦਗੜ੍ਹ ਹਨ। ਸਾਰੇ ਉਮੀਦਵਾਰਾਂ ਵੱਲੋਂ ਪਿੰਡਾਂ ਵਿਚ ਤੇਜ਼ੀ ਨਾਲ ਚੋਣ ਪ੍ਰਚਾਰ ਕਰਦੇ ਹੋਏ ਜੋੜ-ਤੋੜ ਮੁਹਿੰਮ ਚਲਾਈ ਜਾ ਰਹੀ ਹੈ।