ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਜੁਲਾਈ
ਜ਼ਿਲ੍ਹਾ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਕੇਂਦਰ ਸਰਕਾਰ ’ਤੇ ਈਡੀ ਦੀ ਨਾਜਾਇਜ਼ ਵਰਤੋਂ ਕਰਕੇ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਦੇ ਦੋਸ਼ ਲਾਉਂਦਿਆਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਦਿਆਂ ਕੇਂਦਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਕਾਂਗਰਸੀ ਵਰਕਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਵਲੋਂ ਕਾਂਗਰਸ ਪਾਰਟੀ ਦੇ ਕੌਮੀ ਆਗੂਆਂ ਨੂੰ ਪ੍ਰੇਸ਼ਾਨ ਅਤੇ ਪਾਰਟੀ ਨੂੰ ਬਦਨਾਮ ਕਰਨਾ ਬੰਦ ਨਾ ਕੀਤਾ ਤਾਂ ਕੇਂਦਰ ਖ਼ਿਲਾਫ਼ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਪਰਮਿੰਦਰ ਸ਼ਰਮਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਸਥਾਨਕ ਲਾਲ ਬੱਤੀ ਚੌਕ ਵਿਚ ਇਕੱਠੇ ਹੋਏ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਰਮਿੰਦਰ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਤਬਾਹੀ ਵੱਲ ਵਧ ਰਿਹਾ ਹੈ ਅਤੇ ਘੱਟ ਗਿਣਤੀਆਂ ਆਪਣੇ ਹੀ ਦੇਸ਼ ਵਿਚ ਅਣਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਸ ਮੌਕੇ ਕਾਂਗਰਸੀ ਆਗੂ ਬਿੰਦਰ ਬਾਂਸਲ, ਦਰਸ਼ਨ ਕਾਂਗੜਾ, ਹਰਪਾਲ ਸੋਨੂੰ, ਸ਼ਸ਼ੀ ਚੌਹਰ, ਰਾਜੇਸ ਲੋਹਟ, ਜਗਜੀਤ ਸਿੰਘ ਕਾਲਾ, ਅਵਤਾਰ ਸਿੰਘ ਸਰਪੰਚ, ਮਹਿਲਾ ਕਾਂਗਰਸੀ ਆਗੂ ਨਰੇਸ਼ ਸ਼ਰਮਾ, ਚਰਨਜੀਤ ਕੌਰ ਮਡਾਹਰ ਮੌਜੂਦ ਸਨ।