ਪੱਤਰ ਪ੍ਰੇਰਕ
ਭਵਾਨੀਗੜ੍ਹ, 18 ਦਸੰਬਰ
ਇੱਥੇ ਸ਼ਹਿਰ ਦੇ ਕਈ ਕਾਂਗਰਸੀ ਆਗੂਆਂ ਨੇ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਖਿਲਾਫ ਬਗਾਵਤ ਦਾ ਝੰਡਾ ਚੁੱਕਦਿਆਂ ਪਾਰਟੀ ਹਾਈਕਮਾਂਡ ਤੋਂ ਹਲਕਾ ਸੰਗਰੂਰ ਤੋਂ ਨਵਾਂ ਚਿਹਰਾ ਚੋਣਾਂ ਵਿੱਚ ਉਤਾਰਨ ਦੀ ਮੰਗ ਕੀਤੀ। ਇੱਥੇ ਅਨਾਜ ਮੰਡੀ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪੀਆਰਟੀਸੀ ਦੇ ਡਾਇਰੈਕਟਰ ਕਪਿਲ ਦੇਵ ਗਰਗ, ਟਰੱਕ ਯੂਨੀਅਨ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਗਾਏ ਕਿ ਅਸਲ ਵਿੱਚ ਭਵਾਨੀਗੜ੍ਹ ਸ਼ਹਿਰ ਵਿੱਚ ਕੋਈ ਵਿਕਾਸ ਦੇ ਕੰਮ ਨਹੀਂ ਕੀਤੇ ਗਏ, ਸਗੋਂ ਵਿਕਾਸ ਦੇ ਨਾਂ ਹੇਠਾਂ ਸ਼ਹਿਰ ਦੀ ਬਰਬਾਦੀ ਕਰ ਦਿੱਤੀ ਗਈ ਹੈ। ਦੋਵੇਂ ਆਗੂਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਸਿੰਗਲਾ ਕਿਸੇ ਪਾਰਟੀ ਵਰਕਰ ਨਾਲ ਮਿਲਵਰਤਣ ਨਹੀਂ ਰੱਖਦਾ, ਸਗੋਂ ਪਾਰਟੀ ਵਿਰੋਧੀਆਂ ਦੀ ਪੂਰੀ ਇੱਜ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪਾਰਟੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਸੰਗਰੂਰ ਤੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਵਰਗੇ ਇਮਾਨਦਾਰ ਆਗੂ ਨੂੰ ਟਿਕਟ ਦਿੱਤੀ ਜਾਵੇ। ਇਸ ਮੌਕੇ ਡਾ. ਸੱਤਪਾਲ ਗਰਗ, ਪ੍ਰਮੋਦ ਕੁਮਾਰ ਪਿੰਕੀ, ਮਨੀਸ਼ ਕੁਮਾਰ ਗਰਗ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।