ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਜੂਨ
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਅੱਜ ਵੱਖ-ਵੱਖ ਪਿੰਡਾਂ ਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਉਪਰ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਮਰਹੂਮ ਪੰਜਾਬੀ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਦੀ ਵਰਤੋਂ ਕਰਕੇ ਵੋਟਾਂ ਮੰਗ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮਰਹੂਮ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਇੱਛਾ ਤੋਂ ਬਗੈਰ ਸਿੱਧੂ ਮੂਸੇਵਾਲਾ ਦਾ ਨਾਂ ਚੋਣ ਪ੍ਰਚਾਰ ਵਿੱਚ ਵਰਤ ਰਹੇ ਹਨ ਅਤੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਉਨ੍ਹਾਂ ਕਾਂਗਰਸ ਪਾਰਟੀ ਨੂੰ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਸਿਆਸੀਕਰਨ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮਾਪਿਆਂ ਦੀ ਇੱਛਾ ਦੀ ਉਲਟ ਜਾ ਕੇ ਕਾਂਗਰਸ ਨੂੰ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਗਰਮੇਲ ਸਿੰਘ ਪਿੰਡ ਬਡਰੁੱਖਾਂ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸੰਗਰੂਰ ਜ਼ਿਮਨੀ ਚੋਣ ਦੌਰਾਨ ਆਪਣੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਪੱਖ ’ਚ ਜਾਰੀ ਕੀਤੇ ਚੋਣਾਵੀ ਗੀਤ ’ਚ ਮਰਹੂਮ ਮੂਸੇਵਾਲਾ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਦੇ ਵਿਰੋਧ ’ਚ ਮੂਸੇਵਾਲ ਦੇ ਮਾਪਿਆਂ ਨੇ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਸਵਰਗੀ ਪੁੱਤਰ ਦੇ ਨਾਂ ਦੀ ਸਿਆਸੀ ਲਾਹੇ ਲਈ ਵਰਤੋਂ ਨਾ ਕੀਤੀ ਜਾਵੇ। ਗੁਰਮੇਲ ਸਿੰਘ ਨੇ ਅਕਾਲੀ ਦਲ ਬਾਦਲ ’ਤੇ ਜ਼ਿਮਨੀ ਚੋਣ ਵਿੱਚ ‘ਪੰਥਕ ਏਜੰਡਾ’ ਖੇਡਣ ਦਾ ਦੋਸ਼ ਲਾਉਂਦਿਆਂ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਬਾਦਲ ਪਰਿਵਾਰ ਨੂੰ ਬੰਦੀ ਸਿੰਘਾਂ ਦੀ ਉਦੋਂ ਯਾਦ ਕਿਉਂ ਨਾ ਆਈ, ਜਦੋਂ 2007 ਤੋਂ 2017 ਤੱਕ ਭਾਜਪਾ ਦੇ ਸਹਿਯੋਗ ਨਾਲ ਉਹ ਪੰਜਾਬ ਦੀ ਸੱਤਾ ’ਤੇ ਕਾਬਜ਼ ਸਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਭਾਈਵਾਲ ਸਨ।
ਵਿਧਾਇਕ ਅਮਨ ਅਰੋੜਾ ਨੇ ਗੁਰਮੇਲ ਸਿੰਘ ਲਈ ਹਮਾਇਤ ਮੰਗੀ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਆਮ ਆਦਮੀ ਪਾਰਟੀ ਦੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵਿਧਾਇਕ ਡਾ. ਅਮਨ ਅਰੋੜਾ ਵਿਧਾਇਕ ਮੋਗਾ ਵੱਲੋਂ ਇੱਥੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਘਰ ਘਰ ਜਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਡਾ. ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਨੇ ਸਿਰਫ ਤਿੰਨ ਮਹੀਨਿਆਂ ਅੰਦਰ ਹੀ ਲੋਕ ਭਲਾਈ ਲਈ ਅਹਿਮ ਫੈਸਲੇ ਲਏ ਹਨ ਅਤੇ ਆਉਣ ਵਾਲੇ ਸਮੇ ਵਿੱਚ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ। ਇਸ ਮੌਕੇ ਮੇਘ ਚੰਦ ਸ਼ਰਮਾ, ਖੁਸ਼ਿਵੰਦਰ ਕਪਿਲਾ, ਵੀਰਪਾਲ ਕੌਰ, ਅਵਤਾਰ ਸਿੰਘ ਤਾਰੀ ਸਮੇਤ ਪਾਰਟੀ ਵਰਕਰ ਹਾਜ਼ਰ ਸਨ।