ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਹਲਕਾ ਸੰਗਰੂਰ ਤੋਂ ਕਾਂਗਰਸ ਉਮੀਦਵਾਰ ਵਿਜੈਇੰਦਰ ਸਿੰਗਲਾ ਵੱਲੋਂ ਇਲਾਕੇ ਦੇ ਪਿੰਡਾਂ ਘਰਾਚੋਂ, ਝਨੇੜੀ, ਬਟੜਿਆਣਾ, ਕਪਿਆਲ, ਭੱਟੀਵਾਲ ਕਲਾਂ, ਬਲਿਆਲ ਖੁਰਦ, ਬਾਲਦ ਕਲਾਂ, ਮਾਝੀ, ਤੁਰੀ, ਆਲੋਅਰਖ, ਕਾਕੜਾ ਅਤੇ ਭਵਾਨੀਗੜ੍ਹ ਸ਼ਹਿਰ ਦਾ ਦੌਰਾ ਕੀਤਾ ਗਿਆ। ਸਿੰਗਲਾ ਨੇ ਕਿਹਾ ਕਿ ਵਿਕਾਸ ਪੱਖੋਂ ਇਹ ਹਲਕਾ ਪਛੜਿਆ ਹੋਇਆ ਮੰਨਿਆ ਜਾਂਦਾ ਸੀ, ਇਸ ਲਈ ਇਸ ਦੇ ਵਿਕਾਸ ਵੱਲ ਉਚੇਚਾ ਧਿਆਨ ਦਿੱਤਾ ਗਿਆ। ਕਰੋੜਾਂ ਰੁਪਏ ਦੀ ਲਾਗਤ ਨਾਲ ਇੱਥੇ ਵੱਖ ਵੱਖ ਪ੍ਰੋਜੈਕਟ ਲਾਏ ਗਏ। ਇਸ ਖੇਤਰ ਦੀਆਂ ਸੜਕਾਂ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸੜਕਾਂ ਦੀ ਕਾਇਆ-ਕਲਪ ਕੀਤੀ ਗਈ। ਪਿੰਡਾਂ ਵਿੱਚ ਸਟੇਡੀਅਮ ਅਤੇ ਪਾਰਕ ਬਣਾਏ ਗਏ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਦਿੱਕਤਾਂ ਨੂੰ ਦੂਰ ਕੀਤਾ ਗਿਆ। ਸਿੰਗਲਾ ਨੇ ਕਿਹਾ ਕਿ ਉਹ ਹਲਕਾ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਦੁਨੀਆਂ ਦੇ ਨਕਸ਼ੇ ਉਤੇ ਉਭਾਰਨ ਲਈ ਵਚਨਬੱਧ ਹਨ ਤੇ ਇਹ ਕਾਰਜ ਸਿਰੇ ਚੜ੍ਹਾਉਣ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।