ਪੱਤਰ ਪ੍ਰੇਰਕ
ਕੁੱਪ ਕਲਾਂ, 15 ਫਰਵਰੀ
ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਸਮਿਤ ਸਿੰਘ ਮਾਨ ਨੇ ਅੱਜ ਹਲਕੇ ਦੇ ਵੱਖ- ਵੱਖ ਪਿੰਡਾਂ ਵਿੱਚ ਘਰ-ਘਰ ਜਾ ਕੇ ਅਤੇ ਨੁੱਕੜ ਬੈਠਕਾਂ ਕਰ ਕੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਅੱਜ ਰੁੜਕੀ ਖੁਰਦ, ਰੁੜਕੀ ਕਲਾਂ, ਜੱਬੋਮਾਜਰਾ, ਤੁਰਥਲਾ ਮੰਡੇਰ, ਗੱਜਣਮਾਜਰਾ, ਦੁੱਗਰੀ, ਚੰਦੂਰਾਈਆਂ, ਜੱਟੂਆਂ, ਛੋਕਰਾਂ, ਮੋਰਾਂਵਾਲੀ, ਦੱਲਣਵਾਲ, ਬਦੇਸੇ, ਮੰਡੀਆਂ ਅਤੇ ਲਸੋਈ ਪਿੰਡਾਂ ਵਿੱਚ ਜਾ ਕੇ ਹਲਕਾ ਵਾਸੀਆਂ ਨਾਲ ਆਪਣਾ ਚੋਣ ਏਜੰਡਾ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਮਿਲ ਕੇ ਬਣਾਏ ‘ਪੰਜਾਬ ਮਾਡਲ’ ਬਾਰੇ ਦੱਸਦਿਆਂ ਕਿਹਾ ਕਿ ‘ਪੰਜਾਬ ਮਾਡਲ’ ਅੰਦਰ ਸੂਬੇ ਦੀ ਹਰ ਮੁਸ਼ਕਲ ਦਾ ਹੱਲ ਹੈ ਕਿਉਂਕਿ ਇਹ ਪੰਜਾਬ ਦੀ ਆਮਦਨ ਵਧਾ ਕੇ ਉਸ ਨੂੰ ਲੋਕਾਂ ਦੀ ਭਲਾਈ ਉੱਤੇ ਲਗਾਉਣ ’ਤੇ ਕੇਂਦਰਿਤ ਹੈ।