ਹਰਦੀਪ ਸਿੰਘ ਸੋਢੀ
ਧੂਰੀ, 18 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਅੰਦਰ ਆਪਣੀਆਂ ਮੰੰਗਾਂ ਨੂੰ ਲੈ ਕੇ ਨਿਯੁੱਕਤੀ ਪੱਤਰ ਪ੍ਰਾਪਤ 168 ਡੀਪੀਈ ਅਧਿਆਪਕਾਂ ਵੱਲੋਂ ਸਥਾਨਕ ਨਗਰ ਕੌਂਸਲ ਧੂਰੀ ਦੇ ਪਾਰਕ ਵਿੱਚ ਸ਼ੁਰੂ ਕੀਤਾ ਸੰਘਰਸ਼ 31ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸੇ ਦੌਰਾਨ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅਧਿਆਪਕਾ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਉਨ੍ਹਾਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਕਿਹਾ,‘ਅੱਜ ਸਾਡੇ ਬੇਰੁਜ਼ਗਾਰ ਨੌਜਵਾਨਾਂ ਕੋਲ ਸਰਕਾਰੀ ਨਿਯੁਕਤੀ ਪੱਤਰ ਹੋਣ ’ਤੇ ਵੀ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਧਰਨੇ ਲਾਉਣੇ ਪੈ ਰਹੇ ਹਨ। ਇਸ ਮੌਕੇ ਵੀਰਪਾਲ ਕੌਰ, ਪ੍ਰਿਯੰਕਾ ਰਾਣੀ, ਵੀਰ ਸਿੰਘ, ਕੁਲਦੀਪ ਸਿੰਘਾ, ਗਮਦੂਰ ਸਿੰਘ ਬਠਿੰਡਾ ਤੇ ਡਿਪਟੀ ਸਿੰਘ ਆਦਿ ਨੇ ਦੱਸਿਆ ਕਿ ‘ਆਪ’ ਦੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਜਿਸ ਤੋਂ ਇੱਕ ਗੱਲ ਸਾਫ ਹੋ ਜਾਂਦੀ ਹੈ ਕਿ ‘ਆਪ’ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਸਰਕਾਰ ਬਣਾ ਲਈ ਹੈ। ਹੁਣ ਇਨ੍ਹਾਂ ਰਾਜਨੀਤਕ ਆਗੂਆਂ ਨੂੰ ਪੰਜਾਬ ਦੇ ਨੌਜਵਾਨਾਂ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।