ਪੱਤਰ ਪ੍ਰੇਰਕ
ਭਵਾਨੀਗੜ੍ਹ, 4 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਵੱਲੋਂ ਅੱਜ ਇਲਾਕੇ ਦੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਦੌਰਾਨ ਕਾਂਗਰਸ ਅਤੇ ‘ਆਪ’ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਨਾਲ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵੀ ਹਾਜ਼ਰ ਸਨ। ਇਕਬਾਲ ਸਿੰਘ ਝੂੰਦਾਂ ਨੇ ਪਿੰਡ ਭਰਾਜ, ਸਾਹਪੁਰ, ਕਾਲਾਝਾੜ, ਨਦਾਮਪੁਰ, ਭੱਟੀਵਾਲ ਕਲਾਂ, ਨਰਾਇਣਗੜ੍ਹ, ਬਟੜਿਆਣਾ, ਰਾਮਪੁਰਾ, ਜਲਾਨ, ਸਕਰੌਦੀ, ਆਲੋਅਰਖ ਅਤੇ ਤੂਰ ਪੱਤੀ ਭਵਾਨੀਗੜ੍ਹ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਚਾਰ ਦਹਾਕੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਅਤੇ ਨੌਜਵਾਨਾਂ ਨੂੰ ਕੁੱਟਿਆ ਗਿਆ। ਹੁਣ ਉਸੇ ਰਸਤੇ ਉਤੇ ਭਗਵੰਤ ਮਾਨ ਸਰਕਾਰ ਚੱਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਦੋਵੇਂ ਮਿਲ ਕੇ ਪੰਜਾਬ ਨੂੰ ਹਰ ਫਰੰਟ ’ਤੇ ਤਬਾਹ ਕਰਨ ਲੱਗੇ ਹੋਏ ਹਨ। ਅਕਾਲੀ ਉਮੀਦਵਾਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਤੇ ਵਿਕਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਹੋਇਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਬੀਬੀ ਪਰਮਜੀਤ ਕੌਰ ਵਿਰਕ, ਹਰਦੇਵ ਸਿੰਘ ਕਾਲਾਝਾੜ, ਹਰਵਿੰਦਰ ਸਿੰਘ ਕਾਕੜਾ, ਹਰਜਿੰਦਰ ਸਿੰਘ ਜਲਾਣ, ਰੁਪਿੰਦਰ ਸਿੰਘ ਰੰਧਾਵਾ, ਇੰਦਰਜੀਤ ਸਿੰਘ ਤੂਰ, ਗੋਲਡੀ ਤੂਰ, ਦਿਲਬਾਗ ਸਿੰਘ, ਬੰਟੀ ਢਿੱਲੋਂ ਆਦਿ ਹਾਜ਼ਰ ਸਨ।