ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਮਈ
ਡੈਮੋਕਰੇਟਿਕ ਮਨਰੇਗਾ ਫਰੰਟ ਪੰਜਾਬ ਵਲੋਂ ਮਗਨਰੇਗਾ ਸਕੀਮ ਅਤੇ ਗਰਾਮ ਸਭਾ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ਾਲ ਕਾਨਫਰੰਸ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਕਰਵਾਈ ਗਈ। ਕਾਨਫਰੰਸ ’ਚ ਲੋਕਾਂ ਨੂੰ ਮਗਨਰੇਗਾ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ, ਪੰਜ ਏਕੜ ਵਾਲੇ ਕਿਸਾਨਾਂ ਨੂੰ ਅਪਣੇ ਖੇਤ ਅੰਦਰ ਕੰਮ ਕਰਕੇ ਮਗਨਰੇਗਾ ਤਹਿਤ ਰੁਜ਼ਗਾਰ ਹਾਸਲ ਕਰਨ, ਪਿੰਡਾਂ ਦੀ ਤਾਕਤ ਮਜ਼ਬੂਤ ਕਰਨ ਲਈ ਗਰਾਮ ਸਭਾ ਦੀ ਮਹੱਤਤਾ ਬਾਰੇ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਗਿਆ।
ਕਾਨਫਰੰਸ ਨੂੰ ਸੀਨੀਅਰ ਪੱਤਰਕਾਰ ਹਮੀਰ ਸਿੰਘ, ਆਈਡੀਪੀ ਦੇ ਸੂਬਾ ਆਗੂ ਕਰਨੈਲ ਸਿੰਘ ਜਖੇਪਲ, ਰਾਜ ਕੁਮਾਰ ਸਿੰਘ ਕਨਸੂਹਾ, ਸੁਨੀਤਾ ਰਾਣੀ ਕੈਦੂਪੁਰ, ਭੋਲਾ ਸਿੰਘ ਘਾਸੀਵਾਲ, ਨਿਰਮਲਾ ਕੌਰ ਧਰਮਗੜ੍ਹ, ਮਿੱਡ ਡੇਅ ਮੀਲ ਕੁੱਕ ਫਰੰਟ ਦੀ ਆਗੂ ਹਰਜਿੰਦਰ ਕੌਰ ਲੋਪੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਕਰੀਬਨ 17 ਸਾਲ ਪਹਿਲਾਂ ਮਗਨਰੇਗਾ ਕਾਨੂੰਨ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇਣ ਦਾ ਕਾਨੂੰਨ ਬਣਾਇਆ ਗਿਆ ਅਤੇ 2013 ਅੰਦਰ 5 ਏਕੜ ਤੱਕ ਦੇ ਕਿਸਾਨਾਂ ਨੂੰ ਆਪਣੇ ਖੇਤ ਅੰਦਰ ਕੰਮ ਕਰਕੇ ਮਗਨਰੇਗਾ ਤਹਿਤ ਰੁਜ਼ਗਾਰ ਹਾਸਲ ਕਰਨ ਲਈ ਕਾਨੂੰਨ ਵਿੱਚ ਵਾਧਾ ਦਰਜ ਕੀਤਾ ਗਿਆ ਪਰੰਤੂ ਆਮ ਤੌਰ ’ਤੇ ਸਾਲ ਅੰਦਰ 100 ਦਿਨ ਦਾ ਰੁਜ਼ਗਾਰ ਕਿਤੇ ਵੀ ਹਾਸਲ ਨਹੀਂ ਹੋਇਆ ਅਤੇ ਕੀਤੇ ਕੰਮ ਦੀ ਦਿਹਾੜੀ ਹਰ ਥਾਂ ਘੱਟ ਦਿੱਤੀ ਜਾ ਰਹੀ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 5 ਏਕੜ ਤੱਕ ਦੇ ਕਿਸਾਨਾਂ ਦੇ ਜਾਬ ਕਾਰਡ ਵੀ ਨਹੀਂ ਬਣਾਏ ਜਾਂਦੇ। ਮੰਗ ਅਧਾਰਿਤ ਲਿਖਤੀ ਤੌਰ ’ਤੇ ਕੰਮ ਲੈਣ, ਕੰਮ ’ਤੇ ਜਾਣ ਤੋਂ ਪਹਿਲਾਂ ਨਿਯੁਕਤੀ ਪੱਤਰ ਲੈਣ, ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜੰਗਾਰੀ ਭੱਤਾ ਹਾਸਲ ਕਰਨ ਅਤੇ ਕੰਮ ਦਾ ਮਿਹਨਤਾਨਾ 15 ਦਿਨਾਂ ਅੰਦਰ ਲੈਣ ਅਤੇ ਦੇਰੀ ਹੋਣ ’ਤੇ ਸਮੇਤ ਵਿਆਜ ਮਿਹਨਤਾਨਾ ਲੈਣ ਜਿਹੇ ਮੁੱਦਿਆਂ ’ਤੇ ਸਿੱਖਿਅਤ ਕਰਨ ਲਈ ਸਰਗਰਮੀ ਕੀਤੀ ਜਾ ਰਹੀ ਹੈ। ਮਨਰੇਗਾ ਨੂੰ ਕਾਨੂੰਨ ਦੀ ਭਾਵਨਾ ਅਨੁਸਾਰ ਚਲਾਉਣ ਲਈ ਗਰਾਮ ਸਭਾ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਨਰੇਗਾ ਦਾ ਬੱਜਟ ਗਰਾਮ ਸਭਾ ਰਾਹੀਂ ਪਾਸ ਕਰਕੇ ਭੇਜਿਆ ਜਾਂਦਾ ਹੈ ਅਤੇ ਪਿੰਡ ਪੱਧਰ ’ਤੇ ਵਿਕਾਸ ਦੇ ਪ੍ਰਾਜੈਕਟ ਵੀ ਗਰਾਮ ਸਭਾ ਰਾਹੀਂ ਪਾਸ ਕੀਤੇ ਜਾਂਦੇ ਹਨ। ਕਾਨਫਰੰਸ ’ਚ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ ਦੇ ਆਗੂਆਂ ਫਲਜੀਤ ਸਿੰਘ, ਤਰਲੋਚਨ ਸਿੰਘ ਸੂਲਰ ਘਰਾਟ, ਗੁਰਮੀਤ ਸਿੰਘ ਥੂਹੀ, ਮਨਪ੍ਰੀਤ ਕੌਰ ਰਾਜਪੁਰਾ ਹੰਸ ਰਾਜ ਭਵਾਨੀਗੜ੍ਹ, ਖਿਆਲੀ ਰਾਮ ਪਾਤੜਾਂ, ਚੰਦ ਸਿੰਘ ਰੋਗਲਾ ਅਤੇ ਤਾਰਾ ਸਿੰਘ ਫੱਗੂਵਾਲਾ, ਸਾਬਕਾ ਰਾਜਦੂਤ ਕੇ ਸੀ ਸਿੰਘ, ਸਾਇੰਟੇਫਿਕ ਅਵੇਰਨੈਸ ਫੋਰਮ ਦੇ ਪ੍ਰਧਾਨ ਅਮਰਜੀਤ ਸਿੰਘ ਮਾਨ ਵੀ ਸ਼ਾਮਲ ਹੋਏ।