ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਜੂਨ
ਪੰਜਾਬ ਸਰਕਾਰ ਵੱਲੋਂ ਮਾਤ-ਭਾਸ਼ਾ ਦੇ ਪ੍ਰਚਾਰ ਲਈ ਉਲੀਕੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਗਰੂਰ ਡਾ. ਰਣਜੋਧ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਚ ਕਹਾਣੀ ਦਰਬਾਰ ਕਰਵਾਇਆ ਗਿਆ। ਜਿਸ ’ਚ ਉੱਘੇ ਕਹਾਣੀਕਾਰ ਪ੍ਰੇਮ ਸਰੂਪ ਛਾਜਲੀ, ਪਰਗਟ ਸਿੰਘ ਸਤੌਜ ਅਤੇ ਜਸਵੀਰ ਰਾਣਾ ਨੇ ਭਾਗ ਲਿਆ। ਸਭ ਤੋਂ ਪਹਿਲਾਂ ਪ੍ਰੇਮ ਸਰੂਪ ਛਾਜਲੀ ਨੇ ਟਰੇਨੀ ਵਿਦਿਆਰਥੀਆਂ ਨਾਲ ਕਹਾਣੀ ‘ਸਰਵਣ’ ਸਾਂਝੀ ਕੀਤੀ। ਪਰਗਟ ਸਿੰਘ ਸਤੌਜ ਨੇ ‘ਵਿਆਹ ਦੇ ਪ੍ਰਸੰਗ’ ਕਹਾਣੀ ’ਚ ਵਿਆਹ ਤੇ ਵਿਅੰਗਮਈ ਗੱਲ ਕੀਤੀ। ਜਸਬੀਰ ਰਾਣਾ ਨੇ ‘ਚੂੜੇ ਵਾਲੀ ਬਾਂਹ’ ਕਹਾਣੀ ਦੀ ਸਿਰਜਣ ਪ੍ਰਕਿਰਿਆ ਦੀ ਗੱਲ ਕੀਤੀ। ਡਾ. ਰਣਜੋਧ ਸਿੰਘ ਨੇ ਕਿਹਾ ਕਿ ਪੰਜਾਬੀ ਕਹਾਣੀ ਸਮਾਜ ਨੂੰ ਸੇਧ ਦੇਣ ਦੇ ਸਮਰੱਥ ਹੈ। ਮੁੱਖ ਮਹਿਮਾਨ ਸੁਖਵਿੰਦਰ ਪੱਪੀ ਨੇ ਕਹਾਣੀ ਦੀ ਸਿਰਜਣ ਪ੍ਰਕਿਰਿਆ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਕਹਾਣੀ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਹੋਰ ਮੱਲਾਂ ਮਾਰਨੀਆਂ ਬਾਕੀ ਹਨ।