ਸੰਗਰੂਰ (ਗੁਰਦੀਪ ਸਿੰਘ ਲਾਲੀ) ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਯੋਧੇ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਮੌਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਇਥੇ ਵਾਰ ਹੀਰੋਜ਼ ਸਟੇਡੀਅਮ ਤੋਂ ‘ਹਾਫ਼ ਮੈਰਾਥਨ’ ਦੌੜ ਕਰਵਾਈ ਗਈ। ਇਸ ਦੌੜ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜਿਸ ’ਚ ਵਿਦਿਆਰਥੀਆਂ, ਨੌਜਵਾਨਾਂ ਤੇ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸੰਗਰੂਰ ਜ਼ਿਲ੍ਹਾ ਪੁਲੀਸ ਦੀ ਇੱਕ ਟੁਕੜੀ ਵੱਲੋਂ ਪਰੇਡ ਕਮਾਂਡਰ ਡੀ.ਐੱਸ.ਪੀ. ਪ੍ਰਿਥਵੀ ਸਿੰਘ ਚਾਹਲ ਦੀ ਅਗਵਾਈ ’ਚ ਸ਼ਹੀਦ ਭਗਤ ਸਿੰਘ ਨੂੰ ਸਲਾਮੀ ਦਿੱਤੀ ਗਈ। ਸਲਾਮੀ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਸੂਬਾ ਵਾਸੀਆਂ ਦੇ ਨਾਂ ਸੰਦੇਸ਼ ਵੀ ਵੀਡਿਓ ’ਤੇ ਜ਼ਿਲ੍ਹਾ ਵਾਸੀਆਂ ਨਾਲ ਸਾਂਝਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ 23 ਸਾਲਾਂ ਦੀ ਉਮਰ ’ਚ ਹੱਸਦਿਆਂ ਹੋਇਆਂ ਫ਼ਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਕਵਾਇਦ ਸ਼ੁਰੂ ਕੀਤੀ ਗਈ ਹੈ ਜਿਸਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਅੱਜ ਪੂਰੇ ਜ਼ਿਲੇ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ‘ਹਾਫ਼ ਮੈਰਾਥਨ’ ਤੋਂ ਬਾਅਦ ਅੱਜ ਸੰਗਰੂਰ ’ਚ ਸ਼ਾਮ ਨੂੰ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਬਨਾਸਰ ਬਾਗ ਸਥਿਤ ਵਿਰਾਸਤੀ ਇਮਾਰਤਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ।