ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਮਾਰਚ
ਸਥਾਨਕ ਆਟਿਜ਼ਮ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ‘ਵਿਸ਼ਵਾਸ਼ ਸਕੂਲ ਫਾਰ ਆਟਿਜ਼ਮ’ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਦੇ ਵਿਸ਼ੇਸ਼ ਬੱਚਿਆਂ ਦੀ ਸਾਲਾਨਾ ਅਥਲੈਟਿਕ ਮੀਟ ਵਾਰ ਹੀਰੋਜ਼ ਸਟੇਡੀਅਮ ਵਿੱਚ ਕਰਵਾਈ ਗਈ, ਜਿਸ ਵਿੱਚ ਸਹਿਯੋਗ ਸਕੂਲ ਫਾਰ ਸਪੈਸ਼ਲ ਐਜੂਕੇਸ਼ਨ , ਸੰਗਰੂਰ , ਪਵਨ ਸੇਵਾ ਸਮਿਤੀ ਸਕੂਲ ਫਾਰ ਡੀਫ ਐਂਡ ਡਿਫਰੈਂਟਲੀ ਏਬਲਡ ਬਰਨਾਲਾ ,ਐੱਸ.ਐੱਸ. ਸਕੂਲ ਧੂਰੀ ਦੇ ਬੱਚਿਆਂ ਨੇ ਭਾਗ ਲਿਆ। ਮੁੱਖ ਮਹਿਮਾਨ ਵਜੋਂ ਲਵਲੀਨ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਸ਼ਿਰਕਤ ਕੀਤੀ। ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪੰਜਾਬੀ ਦੇ ਪ੍ਰਸਿੱਧ ਗਾਇਕ ਪੰਮੀ ਬਾਈ। ਸੰਸਥਾ ਪ੍ਰਧਾਨ ਸੁਖਮੰਦਰ ਸਿੰਘ ਭੱਠਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਵਿੱਚ ਸਹਿਯੋਗ ਸਕੂਲ ਵੱਲੋਂ ਕਿਸਾਨੀ ਸੰਘਰਸ਼ ’ਤੇ ਗੀਤ ਉਪਰ ਅਧਾਰਿਤ ਡਾਂਸ ਕੀਤਾ ਗਿਆ ਅਤੇ ਆਟਿਸਟਕ ਬੱਚਿਆਂ ਵਲੋਂ ਯੋਗਾ ਕਰਕੇ ਦਿਖਾਇਆ ਗਿਆ। ਸਕੱਤਰ ਡਾ. ਸੁਖਦੀਪ ਕੌਰ ਨੇ ਅਧਿਆਪਕਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਲੋੜਾਂ ਵੱਲੇ ਬੱਚਿਆਂ ਦੀ ਇਹ ਮੀਟ ਅਧਿਆਪਕਾਵਾਂ ਰਜ਼ੀਆ, ਨੀਲ਼ਮ , ਰੁਪਿੰਦਰ ਕੌਰ ਸਦਕਾ ਹੀ ਸਫ਼ਲ ਹੋ ਸਕਿਆ ਹੈ। ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਦੇ ਵਾਲੰਟੀਅਰ ਵਿਦਿਆਰਥੀਆਂ ਵਲੋਂ ਆਫੀਸ਼ੀਅਲ ਦੀ ਭੂਮਿਕਾ ਨਿਭਾਈ ਗਈ।
ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਸ਼ਾਟ ਪੁੱਟ ਵਿੱਚ ਪਵਨ ਸੇਵਾ ਸਮਿਤੀ ਬਰਨਾਲਾ ਨੇ ਪਹਿਲਾ, ਦੇਵਪਰੀਤ ਵਿਸ਼ਵਾਸ ਸਕੂਲ ਦੂਜੇ ’ਤੇ, ਹਰਜਪਨੀਤ ਸਿੰਘ ਤੀਜੇ ’ਤੇ ਰਹੇ। ਲੜਕੀਆਂ ਵਿੱਚੋਂ ਪ੍ਰਭਜੋਤ ਕੌਰ ਪਹਿਲੇ ਸਥਾਨ ’ਤੇ ਰਹੀ। 200 ਮੀਟਰ ਦੌੜ ਵਿੱਚ ਲੜਕੀ ਅਜ਼ੀਜ਼ਇੰਦਰ ਅਤੇ ਲੜਕਾ ਹਰਮਨਦੀਪ ਸਿੰਘ ਪਹਿਲੇ ਸਥਾਨ ਤੇ ਰਹੇ। 50 ਮੀਟਰ ਦੌੜ ਵਿੱਚ ਲੜਕੀ ਮਨਜੀਤ ਕੌਰ ਤੇ ਲੜਕਾ ਤਨਸ਼ਿਕ ਫਸਟ ਆਏ। 4-7 ਸਾਲਾ ਗਰੁੱਪ ਬਾਲ ਥਰੋਅ ਵਿੱਚ ਅਕਸ਼ਿਤਾ , ਅਵਤਾਰ ਅਤੇ ਅੰਸ਼ ਕ੍ਰਮਵਾਰ ਪਹਿਲੇ ਦੂਸਰੇ ਸਥਾਨ ਤੇ ਰਹੇ।