ਧੂਰੀ (ਨਿੱਜੀ ਪੱਤਰ ਪ੍ਰੇਰਕ: ਸਥਾਨਕ ਨਵੀਂ ਅਨਾਜ ਮੰਡੀ ਦਾ ਇਨ੍ਹੀਂ ਦਿਨੀਂ ਸਫ਼ਾਈ ਪੱਖੋਂ ਬਹੁਤ ਬੁਰਾ ਹਾਲ ਹੈ। ਜਗ੍ਹਾ-ਜਗ੍ਹਾ ’ਤੇ ਪਏ ਗੰਦਗੀ ਦੇ ਢੇਰਾਂ ਕਾਰਨ ਅਨਾਜ ਮੰਡੀ ਤੇ ਇਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਜਿਉਣਾ ਦੁੱਭਰ ਹੋ ਚੁੱਕਾ ਹੈ। ਗੰਦਗੀ ਦੇ ਢੇਰਾਂ ਕਾਰਨ ਕਿਸੇ ਵੀ ਸਮੇਂ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ ਪਰ ਸਬੰਧਤ ਵਿਭਾਗ ਇਸ ਪਾਸੇ ਤੋਂ ਅੱਖਾਂ ਬੰਦ ਕਰ ਕੇ ਬੈਠਾ ਹੋਇਆ ਹੈ। ਮੰਡੀ ਦੇ ਆੜ੍ਹਤੀਆਂ ਅਤੇ ਲੋਕਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਨਾਜ ਮੰਡੀ ਅਤੇ ਇਸ ਦੇ ਆਲੇ-ਦੁਆਲੇ ਦੀ ਸਫ਼ਾਈ ਨਹੀਂ ਕਰਵਾਈ ਗਈ ਜਿਸ ਕਾਰਨ ਅਨਾਜ ਮੰਡੀ ਦੇ ਫੜ੍ਹਾਂ, ਸੜਕਾਂ ’ਤੇ ਆਸੇ-ਪਾਸੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਅਨਾਜ ਮੰਡੀ ਦੇ ਆੜ੍ਹਤੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਅਨਾਜ ਮੰਡੀ ਵਿੱਚ ਸਫ਼ਾਈ ਕਰਵਾਈ ਜਾਵੇ।