ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਜੂਨ
ਮਨੁੱਖੀ ਅਧਿਕਾਰਾਂ ਦੀ ਕਾਰਕੁਨ ਤੀਸਤਾ ਸੀਤਲਵਾੜ ਅਤੇ ਆਲਟ ਨਿਊਜ਼ ਦੇ ਸਹਿ ਸੰਸਥਾਪਕ ਮੁਹੰਮਦ ਜ਼ੁਬੈਰ ਦੀ ਭਾਜਪਾ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਗ੍ਰਿਫ਼ਤਾਰ ਕਰਨ ਦੀ ਜਮਹੂਰੀ ਅਧਿਕਾਰ ਸਭਾ ਇਕਾਈ ਸੰਗਰੂੂਰ ਵੱਲੋਂ ਨਿਖੇਧੀ ਕਰਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਸਭਾ ਦੇ ਪ੍ਰਧਾਨ ਸਵਰਨਜੀਤ ਸਿੰਘ, ਸਕੱਤਰ ਕੁਲਦੀਪ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਕੌਰ, ਸਹਾਇਕ ਸਕੱਤਰ ਕੁਲਵਿੰਦਰ ਬੰਟੀ, ਵਿੱਤ ਸਕੱਤਰ ਮਨਧੀਰ ਸਿੰਘ ਅਤੇ ਪ੍ਰੈੱਸ ਸਕੱਤਰ ਜੁਝਾਰ ਲੌਂਗੋਵਾਲ ਨੇ ਕਿਹਾ ਕਿ ਸਰਕਾਰ ਇਨ੍ਹਾਂ ਨੂੰ ਵਰਤ ਕੇ, ਲੋਕਾਂ ਦੀ ਬਾਹ ਫੜਨ ਅਤੇ ਉਹਨਾਂ ਦੀ ਪੱਖ ਵਿੱਚ ਆਵਾਜ਼ ਬੁਲੰਦ ਕਰਨ ਵਾਲਿਆਂ ਮਨੁੱਖੀ ਅਧਿਕਾਰਾਂ ਦੇ ਕਾਰਕੁਨਾ, ਪੱਤਰਕਾਰਾਂ ਅਤੇ ਬੁਧੀਜੀਵੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਸਲਾਖਾਂ ਅੰਦਰ ਸੁੱਟ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ, ਪਾਣੀ ’ਤੇ ਕਬਜ਼ਾ ਕਰਵਾਉਣ ਲਈ ਤਰਲੋਮੱਛੀ ਹੋਈ ਕੇਂਦਰ ਸਰਕਾਰ ਇਸ ਖ਼ਿਲਾਫ਼ ਕੋਈ ਵੀ ਉਠ ਰਹੀ ਆਵਾਜ਼ ਬਰਦਾਸ਼ਤ ਨਹੀਂ ਕਰ ਰਹੀ। ਇਸ ਪੂਰੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਜਮਹੂਰੀ ਅਧਿਕਾਰ ਸਭਾ ਨੇ ਲੋਕ ਪੱਖੀ ਸਕਤੀਆ, ਜਨਤਕ ਜਮਹੂਰੀ ਸੰਸਥਾਵਾਂ, ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਇਕ ਲਹਿਰ ਖੜ੍ਹੀ ਕਰਨ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।