ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 15 ਅਪਰੈਲ
ਨੈਸ਼ਨਲ ਹਿਊਮਨ ਰਾਈਟਸ ਸੋਸ਼ਲ ਜਸਟਿਸ ਕੌਂਸਲ ਦੀ ਪੰਜਾਬ ਇਕਾਈ ਨੇ ਮੱਧ ਪ੍ਰਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਨਾਲ ਹੋ ਰਹੀਆਂ ਜ਼ਿਆਦਤੀਆਂ ਦੀ ਨਿਖੇਧੀ ਕੀਤੀ। ਨੈਸ਼ਨਲ ਹਿਊਮਨ ਰਾਈਟਸ ਸੋਸ਼ਲ ਜਸਟਿਸ ਕੌਂਸਲ ਦੀ ਪੰਜਾਬ ਇਕਾਈ ਦੇ ਵਾਈਸ ਚੇਅਰਮੈਨ ਜ਼ਹੂਰ ਅਹਿਮਦ ਚੌਹਾਨ, ਸੂਬਾ ਜਨਰਲ ਸਕੱਤਰ ਐਮ.ਅਨਵਾਰ ਅੰਜ਼ੁਮ ਅਤੇ ਸਕੱਤਰ ਮੁਹੰਮਦ ਜਮੀਲ ਵਕੀਲ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਜਿਸ ਤਰ੍ਹਾਂ ਮਸਜਿਦਾਂ ਅਤੇ ਦਰਗਾਹਾਂ ਦੀ ਬੇਹੁਰਮਤੀ ਕੀਤੀ ਜਾ ਰਹੀ ਹੈ ਅਤੇ ਘੱਟ ਗਿਣਤੀ ਭਾਈਚਾਰੇ ਦੇ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੰਚਾਇਆ ਜਾ ਰਿਹਾ ਹੈ ਇਹ ਗ਼ੈਰਮਨੁੱਖੀ ਤੇ ਗ਼ੈਰਕਾਨੂੰਨੀ ਹੈ। ਆਗੂਆਂ ਨੇ ਕਿਹਾ ਕਿ ਮੱਧ ਪ੍ਰਦੇਸ਼ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਮੰਗ ਕੀਤੀ ਕਿ ਮੱਧ ਪ੍ਰਦੇਸ਼ ਸਰਕਾਰ ਇਸ ਮਾਮਲੇ ਵਿੱਚ ਘੱਟ ਗਿਣਤੀ ਭਾਈਚਾਰੇ ਨੂੰ ਇਨਸਾਫ਼ ਦੇਵੇ। ਆਗੂਆਂ ਨੇ ਦੇਸ਼ ਦੀ ਸਰਵਉੱਚ ਅਦਾਲਤ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦਾ ਆਪਣੇ ਆਪ ਨੋਟਿਸ ਲੈਂਦੇ ਹੋਏ ਜ਼ਰੂਰੀ ਕਾਰਵਾਈ ਕਰੇ ਤਾਂ ਜੋ ਦੇਸ਼ ਵਾਸੀਆਂ ਦਾ ਨਿਆਂਇਕ ਪ੍ਰਬੰਧ ’ਤੇ ਭਰੋਸਾ ਬਣਿਆ ਰਹੇ।