ਪੱਤਰ ਪ੍ਰੇਰਕ
ਲਹਿਰਾਗਾਗਾ, 29 ਜੂਨ
ਪਿੰਡ ਸੰਗਤਪੁਰਾ ’ਚ ਪੀਏਯੂ ਦੇ ਜ਼ਿਲ੍ਹਾ ਸਲਾਹਕਾਰ ਕੇਂਦਰ ਤੇ ਕੇਵੀਕੇ ਖੇੜੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ, ਮੱਕੀ ਅਤੇ ਸਾਉਣੀ ਦੀਆਂ ਫ਼ਸਲਾਂ, ਝੋਨੇ ਦੇ ਬਦਲ ਸਬੰਧੀ ਕਿਸਾਨ ਗੋਸ਼ਟੀ ਕੀਤੀ ਗਈ। ਇਸ ਮੌਕੇ ਕੇਂਦਰ ਦੇ ਮੁਖੀ ਡਾ. ਬੂਟਾ ਸਿੰਘ ਰੋਮਾਣਾ ਨੇ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ, ਕੱਦੂ ਵਾਲੇ ਝੋਨੇ ਵਿੱਚ ਪਹਿਲੇ ਦੋ ਹਫ਼ਤੇ ਪਾਣੀ ਖੜ੍ਹਾਉਣ ਤੋਂ ਬਾਅਦ 2-3 ਦਿਨ ਪਾਣੀ ਰੋਕ ਕੇ ਲਾਉਣ ਅਤੇ ਝੋਨੇ ਹੇਠਲਾ ਰਕਬਾ ਘਟਾ ਕੇ ਬਦਲਵੀਆਂ ਫ਼ਸਲਾਂ ਬੀਜਣ ਬਾਰੇ ਜਾਗਰੂਕ ਕੀਤਾ। ਉਨ੍ਹਾਂ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸਾਲਾਨਾ 1.5 ਮੀਟਰ ਪਾਣੀ ਥੱਲੇ ਜਾਣ ’ਤੇ ਚਿਤਾ ਜਤਾਈ ਤੇ ਪਾਣੀ ਬਚਾਉਣ ਲਈ ਹੰਭਲਾ ਮਾਰਨ ਲਈ ਪ੍ਰੇਰਿਆ। ਡਾ. ਅਮਨਦੀਪ ਢਿੱਲੋਂ ਨੇ ਝੋਨੇ ਵਿੱਚ ਨਦੀਨਨਾਸ਼ਕਾਂ ਦੀ ਵਰਤੋਂ, ਮੱਕੀ ਅਤੇ ਸਾਉਣੀ ਦੀਆਂ ਦਾਲਾਂ ਦੀ ਕਾਸ਼ਤ ਬਾਰੇ ਜਾਗਰੂਕ ਕੀਤਾ। ਖੇਤੀ ਵਿਕਾਸ ਅਫ਼ਸਰ ਲਹਿਰਾਗਾਗਾ ਡਾ. ਨਰਿੰਦਰਪਾਲ ਸਿੰਘ ਚੀਮਾ ਨੇ ਸਿੱਧੇ ਬੀਜੇ ਝੋਨੇ ਨੂੰ ਸਫ਼ਲ ਬਣਾਉਣ, ਜਿਪਸਮ ਦੀਆਂ ਸਹੂਲਤਾਂ ਬਾਰੇ ਪ੍ਰੇਰਿਤ ਕੀਤਾ। ਡਾ. ਗੁਰਬੀਰ ਕੌਰ ਸਹਾਇਕ ਪ੍ਰੋਫੈਸਰ (ਪੌਦੇ ਸੁਰੱਖਿਆ), ਕਿਸਾਨ ਸੁਖਤਾਰ ਸਿੰਘ, ਸਰਪੰਚ ਬਲਦੇਵ ਸਿੰਘ ਹਾਜ਼ਰ ਸਨ।