ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਮਈ
ਪੰਜਾਬ ਦੀਆਂ ਦੋ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਤਿੰਨ ਰੋਜ਼ਾ ਪੱਕੇ ਧਰਨੇ ਸ਼ੁਰੂ ਕਰਨ ਦੇ ਐਲਾਨ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਨਹਿਰੀ ਮਹਿਕਮੇ ਦੇ ਮੁੱਖ ਦਫ਼ਤਰ ਬਾਲਦ ਕੋਠੀ ਭਵਾਨੀਗੜ੍ਹ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨੇ ਦੀ ਅਗਵਾਈ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕੀਤੀ। ਇਸ ਮੌਕੇ ਸੈਂਕੜੇ ਕਿਸਾਨਾਂ , ਮਜ਼ਦੂਰਾਂ ਸਮੇਤ ਵੱਡੀ ਗਿਣਤੀ ਔਰਤਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਦੋਵੇਂ ਸਰਕਾਰਾਂ ਦੀ ਅਣਗਹਿਲੀ ਕਾਰਨ ਪੰਜਾਬ ਅੰਦਰ ਦਰਿਆਵਾਂ ਤੇ ਨਹਿਰਾਂ ਦਾ ਪਾਣੀ ਦੂਸ਼ਿਤ ਹੋਣ ਦੇ ਨਾਲ ਨਾਲ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਿਆ ਹੈ ਤੇ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਕਰਕੇ ਪਾਣੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਮੀਂਹ ਦਾ ਪਾਣੀ ਹੜ੍ਹਾਂ ਦਾ ਰੂਪ ਧਾਰਨ ਕਰਕੇ ਹਰ ਸਾਲ ਵੱਡੀ ਪੱਧਰ ‘ਤੇ ਫਸਲਾਂ ਦਾ ਉਜਾੜਾ ਤੇ ਜਾਨੀ ਮਾਲੀ ਨੁਕਸਾਨ ਕਰਦਾ ਹੋਇਆ ਅੱਗੇ ਨਿਕਲ ਜਾਂਦਾ ਹੈ ਪਰ ਦੂਜੇ ਪਾਸੇ ਪੰਜ ਪਾਣੀਆਂ ਦੀ ਧਰਤੀ ਪੰਜਾਬ ਅੱਜ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਔਰਤ ਵਿੰਗ ਦੀ ਸੂਬਾਈ ਆਗੂ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਦਰਿਆਵਾਂ, ਸਮੁੰਦਰਾਂ ਤੇ ਨਹਿਰਾਂ ਦੇ ਪਾਣੀ ਸਮੇਤ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰਨ ਲਈ ਕਾਰਪੋਰੇਟ ਘਰਾਣਿਆਂ ਨੂੰ ਸਰਕਾਰ ਨੇ ਖੁੱਲੀ ਛੁੱਟੀ ਦੇ ਰੱਖੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਹਿਰੀ ਪਾਣੀ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਜ਼ਮੀਨਦੋਜ਼ ਪਾਈਪਾਂ ਸਰਕਾਰੀ ਖਰਚੇ ‘ਤੇ ਵਿਛਾ ਕੇ ਹਰ ਪਿੰਡ ਤੇ ਹਰ ਖੇਤ ਨੂੰ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈਆ ਠੋਸ ਉਪਰਾਲੇ ਤੇ ਵਿਉਂਤਬੰਦੀ ਅਮਲ ਵਿੱਚ ਲਿਆਵੇ।
ਆਗੂਆਂ ਕਿਹਾ ਕਿ ਮੀਂਹ ਦੇ ਪਾਣੀ ਦੀ ਸੰਭਾਲ ਕਰਕੇ ਧਰਤੀ ਹੇਠ ਰਿਚਾਰਜ ਕਰਨ ਲਈ ਵਿਗਿਆਨਕ ਵਿਧੀ ਵਾਲੇ ਪਲਾਂਟ ਵਿਕਸਤ ਕੀਤੇ ਜਾਣ। ਪਾਣੀਆਂ ਨੂੰ ਜ਼ਹਿਰੀਲਾ ਕਰਨ ਵਾਲੇ ਸਾਰੇ ਅਦਾਰਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਾਨੂੰਨ ਬਣਾਇਆ ਜਾਵੇ।