ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਸਤੰਬਰ
ਸੰਗਰੂਰ ਤਹਿਸੀਲ ਦੇ ਸਮੂਹ ਪਬਲਿਕ ਟਾਈਪਿਸਟਾਂ, ਅਸ਼ਟਾਮਫਰੋਸ਼ਾਂ, ਅਰਜ਼ੀ ਨਵੀਸਾਂ, ਵਸੀਕਾ ਨਵੀਸਾਂ, ਨਕਸ਼ਾ ਨਵੀਸਾਂ ਅਤੇ ਸਰਵਿਸ ਪ੍ਰੋਵਾਈਡਰਾਂ ਵੱਲੋਂ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਮੁਕੰਮਲ ਹੜਤਾਲ ਕਰਦਿਆਂ ਤਹਿਸੀਲ ਕੰਪਲੈਕਸ ਵਿੱਚ ਰੋਸ ਧਰਨਾ ਦਿੱਤਾ ਗਿਆ। ਅੱਜ ਸਾਰਾ ਦਿਨ ਆਪਣੀਆਂ ਦੁਕਾਨਾਂ ਰੋਸ ਵਜੋਂ ਬੰਦ ਰੱਖੀਆਂ ਅਤੇ ਸਰਕਾਰ ਖ਼ਿਲਾਫ਼ ਗਰਜਦੇ ਰਹੇ। ਹਰ ਦੁਕਾਨ ਅੱਗੇ ‘ਸਰਕਾਰ ਖ਼ਿਲਾਫ਼ ਰੋਸ’ ਦੇ ਪੋਸਟਰ ਲੱਗੇ ਹੋਏ ਸਨ। ਤਹਿਸੀਲ ਕੰਪਲੈਕਸ ਵਿੱਚ ਟਾਈਪਿਸਟਾਂ, ਅਰਜ਼ੀ ਨਵੀਸਾਂ ਅਤੇ ਵਸੀਕਾ ਨਵੀਸਾਂ ਦੀਆਂ ਦੁਕਾਨਾਂ ’ਤੇ ਕੋਈ ਕੰਮ ਨਹੀਂ ਹੋਇਆ ਜਿਸ ਕਾਰਨ ਸੈਂਕੜੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਨਾ ਅੱਜ ਕਿਸੇ ਦੁਕਾਨ ’ਤੇ ਕੋਈ ਫਾਰਮ ਭਰਿਆ ਗਿਆ, ਨਾ ਅਰਜ਼ੀ ਲਿਖੀ ਗਈ ਤੇ ਨਾ ਕੋਈ ਰਜਿਸਟਰੀ ਲਿਖੀ ਗਈ। ਹਰ ਦੁਕਾਨਦਾਰ ਨੇ ਆਪਣਾ ਕੰਮ ਬੰਦ ਰੱਖਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਚੇਅਰਮੈਨ ਜਿਤੇਸ਼ ਕਪਿਲ ਨੀਰੂ, ਪ੍ਰਧਾਨ ਮਨੀ ਕਥੂਰੀਆ ਅਤੇ ਸਕੱਤਰ ਸੌਰਵ ਅਰੋੜਾ ਨੇ ਦੋਸ਼ ਲਾਇਆ ਕਿ ਛੋਟੀਆਂ ਛੋਟੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੰਮ ਕਰਨ ਵਾਲਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਵੱਲੋਂ ਦਫ਼ਤਰਾਂ ਵਿੱਚ ਬੁਲਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਫ਼ਸਰਸ਼ਾਹੀ ਹਾਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਮਾਊ ਮਹਿਕਮੇ ਨੂੰ ਕੋਈ ਵੀ ਸਹੂਲਤਾਂ ਮੁਹੱਈਆ ਨਹੀਂ ਕਰਵਾ ਸਕੀ ਅਤੇ ਮਹਿਕਮੇ ਤੋਂ ਇਮਾਨਦਾਰੀ ਅਤੇ ਕਾਬਲੀਅਤ ਮੁਤਾਬਕ ਕੰਮ ਕਰਨ ਦੀ ਉਮੀਦ ਜ਼ਰੂਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਸਾਖ਼ ਬਣਾਉਣ ਲਈ ਕਿਸੇ ਵੀ ਵਿਅਕਤੀ ਦੀ ਬਲੀ ਦੇਣ ਤੋਂ ਗੁਰੇਜ਼ ਨਹੀਂ ਕਰ ਰਹੀ। ਆਰ.ਟੀ.ਏ. ਦਫ਼ਤਰ ਦਾ ਰੱਬ ਹੀ ਰਾਖਾ ਹੈ। ਕੰਮ ਕਰਾਉਣ ਪੁੱਜ ਰਹੇ ਲੋਕ ਖੱਜਲ ਖੁਆਰ ਹੋ ਰਹੇ ਹਨ। ਆਰਟੀਏ ਦਫ਼ਤਰਾਂ ਵਿੱਚ ਲੋੜੀਂਦਾ ਸਟਾਫ਼ ਨਹੀਂ ਹੈ ਅਤੇ ਹਰ ਟਰਾਂਸਪੋਰਟਰ ਤੰਗ ਆ ਚੁੱਕਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਤਹਿਸੀਲ ਕੰਪਲੈਕਸ ਵਿੱਚ ਸਾਰੀਆਂ ਦੁਕਾਨਾਂ ਮੁਕੰਮਲ ਰੂਪ ’ਚ ਬੰੰਦ ਰਹੀਆਂ ਅਤੇ ਸਮੁੱਚਾ ਕੰਮ-ਕਾਜ ਠੱਪ ਰੱਖਿਆ ਗਿਆ। ਇਸ ਮੌਕੇ ਯੂਨੀਅਨ ਆਗੂ ਰੋਹਿਤ ਮਿੱਤਲ, ਅਜੈ ਪਾਲ ਗੋਇਲ ਹੈਪੀ, ਜਗਜੀਤ ਸਿੰਘ ਜੱਗੀ ਐਡਵੋਕੇਟ, ਪਵਨ ਅਰੋੜਾ, ਦਲਵੀਰ ਸਿੰਘ ਨਿੰਮਾ, ਸੋਨੂੰ ਸ਼ਰਮਾ, ਇੰਦਰਜੀਤ ਸਿੰਘ ਤੇ ਲਵੀਸ਼ ਅਰੋੜਾ ਹਾਜ਼ਰ ਸਨ।