ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਧੂਰੀ, 22 ਫਰਵਰੀ
ਧੂਰੀ ਦੇ ਦੇਸ਼ ਭਗਤ ਕਾਲਜ ਬਰੜਵਾਲ ਅੰਦਰ ਸੱਤ ਵਿਧਾਨ ਸਭਾ ਹਲਕਿਆਂ ਦੀਆਂ ਈਬੀਐੱਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਾਭੀਆਂ ਗਈਆ ਹਨ। ਇਸ ਦੀ 24 ਘੰਟੇ ਨਿਗਰਾਨੀ ਲਈ ਪੰਜਾਬ ਆਰਮਡ ਫੋਰਸ, ਬੀਐੱਸਐੱਫ, ਆਈਟੀਬੀਪੀ, ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧੂਰੀ ਦੇ ਡੀਐੱਸਪੀ ਪਰਮਿੰਦਰ ਸਿੰਘ ਨੇ ਕਿਹਾ ਕਾਲਜ ਵਿੱਚ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਸੁਨਾਮ ਦਿੜ੍ਹਬਾ, ਲਹਿਰਾਗਾਗਾ ਦੀਆਂ ਵੋਟਿੰਗ ਮਸ਼ੀਨਾਂ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਵਿੱਚ, ਅਤੇ ਸੰਗਰੂਰ ਤੇ ਧੂਰੀ ਦੀਆਂ ਵੋਟਿੰਗ ਮਸ਼ੀਨਾਂ ਦੇਸ਼ ਭਗਤ ਕਾਲਜ ਵਿੱਚ ਸਾਂਭੀਆਂ ਗਈਆ ਹਨ। ਉੱਥੇ ਮਾਲੇਰਕੋਟਲਾ ਜ਼ਿਲ੍ਹੇ ਨਾਲ ਸਬੰਧਤ ਵਿਧਾਨ ਸਭਾ ਹਲਕਾ ਅਮਰਗੜ੍ਹ ਤੇ ਮਾਲੇਰਕੋਟਲਾ ਦੀਆਂ ਵੋਟਿੰਗ ਮਸ਼ੀਨਾਂ ਨੂੰ ਦੇਸ਼ ਭਗਤ ਪੋਲੀਟੈਕਨਿਕ ਕਾਲਜ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਾਲਜ ਦੇ ਮੁੱਖ ਦਰਵਾਜ਼ਿਆਂ ਉੱਪਰ ਪੰਜਾਬ ਪੁਲੀਸ ਦੇ ਮੁਲਾਜ਼ਮ ਤੋਂ ਬਿਨਾਂ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਅਚਨਚੇਤ ਚੈਕਿੰਗ ਕਰਦੇ ਹਨ ਕਿਸੇ ਵੀ ਵਿਅਕਤੀ ਨੂੰ ਕਾਲਜ ਕੋਲ ਆਉਣ ਦੀ ਆਗਿਆ ਨਹੀਂ ਹੈ। ਡਿਊਟੀ ਮੁਲਾਜ਼ਮਾਂ ਦੀ ਵੀ ਹਾਜ਼ਰੀ ਰਜਿਸਟਰ ਦੇ ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ 10 ਮਾਰਚ ਨੂੰ ਸੁਰੱਖਿਆ ਪ੍ਰਬੰਧ ਵੱਖਰੇ ਤੌਰ ’ਤੇ ਕੀਤੇ ਜਾਣਗੇ ।