ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਦਸੰਬਰ
ਸਥਾਨਕ ਸਰਕਾਰੀ ਰਣਬੀਰ ਕਾਲਜ ਵਿੱਚ ਮੈਕ ਆਰਟ ਗਰੁੱਪ ਵੱਲੋਂ ਦੋ ਰੋਜ਼ਾ ਕਲਾ ਪ੍ਰਦਰਸ਼ਨੀ ਸ਼ੁਰੂ ਕੀਤੀ ਗਈ ਜਿਸਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਸੁਖਬੀਰ ਸਿੰਘ ਨੇ ਕੀਤੀ। ਪਹਿਲੇ ਦਿਨ ਕਲਾ ਪ੍ਰਦਰਸ਼ਨੀ ਵਿੱਚ ਕਰੀਬ ਚਾਰ ਦਰਜਨ ਕਲਾਕਾਰਾਂ ਵੱਲੋਂ ਆਪਣੀਆਂ ਕਲਾਕ੍ਰਿਤਾਂ ਦਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨੀ ਵਿਚ ਚਿੱਤਰਕਾਰਾਂ ਦੇ ਨਾਲ ਨਾਲ ਨਵੇਂ ਉਭਰਦੇ ਚਿੱਤਰਕਾਰਾਂ ਨੇ ਵੀ ਆਪਣੀਆਂ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਹਨ।
ਪ੍ਰਦਰਸ਼ਨੀ ਵਿੱਚ ਚਿੱਤਰਕਾਰ ਗੋਬਿੰਦਰ ਸਿੰਘ ਸੋਹਲ, ਗੁਰਪ੍ਰੀਤ ਸਿੰਘ ਨਾਮਧਾਰੀ, ਗੋਪਾਲ ਸ਼ਰਮਾ, ਅਮਰਜੀਤ ਸਿੰਘ ਬਠਿੰਡਾ, ਅਮਰ ਸਿੰਘ ਲੁਧਿਆਣਾ, ਤਰਸੇਮ ਰਾਹੀ, ਜਸਵੰਤ ਸਿੰਘ, ਅਮਰ ਸਿੰਘ ਧੀਮਾਨ, ਬਲਜੀਤ ਸਿੰਘ, ਬਲਵਿੰਦਰ ਸ਼ਰਮਾ, ਹਰਬੰਸ ਸਿੰਘ ਢਿੱਲੋਂ, ਐਡਵੋਕੇਟ ਸੁਮੀਰ ਫੱਤਾ ਸਮੇਤ ਵਿਦਿਆਰਥੀ ਚਿੱਤਰਕਾਰਾਂ ਦੀਆਂ ਕਲਾਕ੍ਰਿਤਾਂ ਦਰਸ਼ਕਾਂ ਵੱਲੋਂ ਸਰਾਹੀਆਂ ਜਾ ਰਹੀਆਂ ਹਨ। ਏਡੀਸੀ ਅਨਮੋਲ ਸਿੰਘ ਧਾਲੀਵਾਲ ਨੇ ਆਪਣੇ ਉਦਘਾਟਨੀ ਭਾਸ਼ਨ ਵਿਚ ਕਿਹਾ ਕਿ ਕਲਾ ਪ੍ਰਦਰਸ਼ਨੀ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਮਿਲਿਆ ਹੈ।
ਅਜਿਹੀਆਂ ਪ੍ਰਦਰਸ਼ਨੀਆਂ ਨਵੀਂ ਪੀੜ੍ਹੀ ਦੇ ਅੰਦਰ ਛੁਪਿਆ ਕਲਾਕਾਰ ਜਗਾਉਂਦੀਆਂ ਹਨ। ਮੈਕ ਆਰਟ ਗਰੁੱਪ ਦੇ ਪ੍ਰਧਾਨ ਹਰਿੰਦਰ ਸਿੰਘ ਗੋਲਡਨ, ਸਰਪ੍ਰਸਤ ਹਰਦੀਪ ਸਿੰਘ, ਸੈਕਟਰੀ ਪੇਂਟਰ ਕੇ. ਚੌਹਾਨ, ਸਲਾਹਕਾਰ ਪਰਮਿੰਦਰ ਲਵਲੀ, ਅਤੇ ਸਲਾਹਕਾਰ ਸਲੀਮ ਹੋਰਾਂ ਨੇ ਦੱਸਿਆ ਕਿ ਇਸ ਕਲਾ ਪ੍ਰਦਰਸ਼ਨੀ ਦਾ ਮਕਸਦ ਨਵੀਂ ਪੀੜ੍ਹੀ ਵਿਚ ਕਲਾ ਪ੍ਰਤੀ ਮੋਹ ਪੈਦਾ ਕਰਨਾ ਹੈ। ਕਾਲਜ ਪ੍ਰਿੰਸੀਪਲ ਡਾ ਸੁਖਬੀਰ ਸਿੰਘ ਨੇ ਦੱਸਿਆ ਕਿ ਬੇਸ਼ੱਕ ਇਹ ਕਲਾ ਪ੍ਰਦਰਸ਼ਨੀ ਮੈਕ ਆਰਟ ਗਰੁੱਪ ਵੱਲੋਂ ਲਾਈ ਗਈ ਹੈ, ਪਰ ਇਸ ਦਾ ਬਹੁਤਾ ਲਾਭ ਕਾਲਜ ਦੇ ਵਿਦਿਆਰਥੀਆਂ ਨੂੰ ਮਿਲੇਗਾ। ਇਸ ਮੌਕੇ ਸਮਾਜ ਸੇਵੀ ਓ ਪੀ ਅਰੋੜਾ, ਰੋਸ਼ਨ ਲਾਲ, ਪ੍ਰੋ. ਰਾਜਦਵਿੰਦਰ ਸਿੰਘ, ਪ੍ਰੋ. ਜਤਿੰਦਰ ਮੌਜੂਦ ਸਨ।