ਨਿੱਜੀ ਪੱਤਰ ਪ੍ਰੇਰਕ
ਸਮਾਣਾ, 31 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਇਕਾਈ ਪਬਲਿਕ ਕਾਲਜ ਸਮਾਣਾ ਦੀ ਫੀਸਾਂ ’ਚ 20 ਫ਼ੀਸਦ ਵਾਧੇ ਨੂੰ ਵਾਪਸ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਸਬੰਧੀ ਮੀਟਿੰਗ ਕਾਲਜ ਵਿੱਚ ਹੋਈ। ਇਸ ਦੌਰਾਨ ਵਿਦਿਆਰਥੀ ਆਗੂਆਂ ਨੇ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਮਾਜਰਾ ਦੇ ਦਫ਼ਤਰ ਦਾ 7 ਸਤੰਬਰ ਨੂੰ ਘਿਰਾਓ ਕਰਨ ਦਾ ਐਲਾਨ ਕੀਤਾ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਫੀਸਾਂ ਵਿੱਚ ਲਗਾਤਾਰ ਵਾਧੇ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਜਿਸ ਤਹਿਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਐੱਸਡੀਐੱਮ ਸਮਾਣਾ ਨਾਲ ਵੀ ਦੋ ਮੀਟਿੰਗਾਂ ਹੋਈਆਂ। ਇਸ ਤੋਂ ਬਾਅਦ ਪੀਐੱਸਯੂ ਦਾ ਇੱਕ ਵਫ਼ਦ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਵੀ ਮਿਲਿਆ ਸੀ ਤੇ ੳਨ੍ਹਾਂ ਵੱਲੋਂ ਫੀਸਾਂ ’ਚ ਵਾਧੇ ਨੂੰ ਵਾਪਸ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਸੀ ਪਰ ਹਾਲੇ ਤੱਕ ਮੰਤਰੀ ਸਾਹਿਬ ਨੇ ਵੀ ਇਸ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ।
ਆਗੂਆਂ ਨੇ ਕਿਹਾ ਕਿ ਇਸ ਦੇ ਉਲਟ ਕਾਲਜ ਪ੍ਰਸ਼ਾਸਨ ਵੱਲੋਂ ਵਿਦਿਆਰਥੀ ਆਗੂਆਂ ਦੇ ਦਾਖਲੇ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਵਿਦਿਆਰਥੀਆਂ ਅੰਦਰ ਭਾਰੀ ਰੋਸ ਹੈ।
ਐੱਸਸੀ ਵਿਦਿਆਰਥੀਆਂ ਦੀਆਂ ਡਿਗਰੀਆਂ ਜਾਰੀ ਕਰਨ ਦੀ ਮੰਗ
ਸੰਗਰੂਰ (ਗੁਰਦੀਪ ਸਿੰਘ ਲਾਲੀ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਦੇ ਐੱਸਸੀ ਕੈਟਾਗਰੀ ਨਾਲ ਸਬੰਧਤ ਵਿਦਿਆਰਥੀਆਂ ਦੀ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਸਕਾਲਰਸ਼ਿਪ ਰਾਸ਼ੀ ਨਾ ਭੇਜਣ ਕਰ ਕੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕੀਆਂ ਗਈਆਂ ਹਨ। ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਵਿਦਿਆਰਥੀਆਂ ਦੀਆਂ ਡਿਗਰੀਆਂ ਜਾਰੀ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਿਟੀ ਵਿੱਚ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ। ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਧਰਨੇ ਦੀ ਹਮਾਇਤ ਦਾ ਐਲਾਨ ਕਰਦਿਆਂ ਵਿਦਿਆਰਥੀਆਂ ਦੀਆਂ ਡਿਗਰੀਆਂ ਫੌਰੀ ਜਾਰੀ ਕਰਨ ਦੀ ਮੰਗ ਕੀਤੀ ਹੈ।